Saturday, November 23, 2024
 

ਪੰਜਾਬ

ਬਰਡ ਫਲੂ ਦਾ ਪੰਜਾਬ ਵਿਚ ਕੋਈ ਖ਼ਤਰਾ ਨਹੀਂ, ਕਾਰਨ ਜਾਣੋ

January 11, 2021 10:04 AM

ਚੰਡੀਗੜ੍ਹ  : ਪੰਜਾਬ ਦੇ ਨੇੜੇ-ਤੇੜੇ ਦੇ ਸੂਬਿਆਂ ਸਮੇਤ ਦੇਸ਼ ਭਰ ਦੇ 8 ਸੂਬਿਆਂ ’ਚ ਕੇਂਦਰ ਸਰਕਾਰ ਨੇ ਬਰਡ ਫਲੂ ਬਾਰੇ ਪੁਸ਼ਟੀ ਕਰ ਦਿੱਤੀ ਹੈ ਪਰ ਪੰਜਾਬ ’ਚ ਸ਼ਨੀਵਾਰ ਤੱਕ ਲਏ ਗਏ ਸਾਰੇ ਬਰਡ ਫਲੂ ਦੇ ਨਮੂਨਿਆਂ ਦੀ ਟੈਸਟ ਰਿਪੋਰਟ ਆ ਗਈ ਹੈ ਤੇ ਸਾਰੇ ਟੈਸਟ ਨੈਗੇਟਿਵ ਪਾਏ ਗਏ ਹਨ। ਪੰਜਾਬ ’ਚ ਜੋ ਵੀ ਪੰਛੀ ਪਿਛਲੇ ਦਿਨੀਂ ਮਰੇ ਹਨ ਤੇ ਜਿਨ੍ਹਾਂ ਦੇ ਮਰਨ ਤੋਂ ਬਾਅਦ ਬਰਡ ਫਲੂ ਹੋਣ ਦੀ ਸੰਭਾਵਨਾ ਸਬੰਧੀ ਦਹਿਸ਼ਤ ਦਾ ਮਾਹੌਲ ਸੀ, ਉਨ੍ਹਾਂ ਦੀ ਮੌਤ ਬਰਡ ਫਲੂ ਕਾਰਣ ਨਹੀਂ ਹੋਈ ਹੈ। ਜਲੰਧਰ ਸਥਿਤ ਨਾਰਥ ਰੀਜ਼ਨਲ ਡਿਸੀਜਿਜ਼ ਡਾਇਗਨੋਸਟਿਕ ਲੈਬ (ਐੱਨ. ਆਰ. ਡੀ. ਡੀ. ਐੱਲ.) ਦੇ ਜੁਆਇੰਟ ਡਾਇਰੈਕਟਰ ਡਾ. ਐੱਮ. ਪੀ. ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਾਫ਼ ਕੀਤਾ ਹੈ ਕਿ ਪੰਜਾਬ ’ਚ ਬਰਡ ਫਲੂ ਦਾ ਕੋਈ ਕੇਸ ਨਹੀਂ ਹੈ ਤੇ ਪੰਜਾਬ ਲਈ ਇਹ ਰਾਹਤ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਕੇਰੀਆਂ, ਤਪਾ ਮੰਡੀ ਸਮੇਤ ਤਕਰੀਬਨ ਅੱਧਾ ਦਰਜਨ ਸਥਾਨਾਂ ਤੋਂ ਪੰਛੀਆਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸ਼ੱਕ ਪੈਦਾ ਹੋ ਰਿਹਾ ਸੀ ਕਿ ਪੰਜਾਬ ’ਚ ਬਰਡ ਫਲੂ ਹੋ ਸਕਦਾ ਹੈ। ਪੰਜਾਬ ਦੀ ਜਲੰਧਰ ਸਥਿਤ ਇਸ ਲੈਬ ’ਚ ਹੁਣ ਤੱਕ 1064 ਬਰਡ ਫਲੂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 156 ਟੈਸਟ ਮਰੇ ਪੰਛੀਆਂ ਦੇ ਸਨ।

ਇਹ ਟੈਸਟ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਸੂਬਿਆਂ ਤੋਂ ਸਨ। ਬੀਤੇ ਦਿਨ ਵੀ ਜਲੰਧਰ ਦੀ ਲੈਬ ’ਚ ਨਵੇਂ ਨਮੂਨੇ ਆਏ ਸਨ, ਜਿਨ੍ਹਾਂ ’ਚੋਂ ਪੰਜਾਬ ਤੋਂ ਇਕ ਹੀ ਨਮੂਨਾ ਆਇਆ ਸੀ। ਪੰਜਾਬ ਦੇ ਪਠਾਨਕੋਟ ਤੋਂ ਨਵਾਂ ਨਮੂਨਾ ਆਇਆ ਹੈ, ਜਿਸ ਦੀ ਰਿਪੋਰਟ ਅਗਲੇ ਕੁੱਝ ਦਿਨਾਂ ’ਚ ਸਾਹਮਣੇ ਆਵੇਗੀ।

 

Have something to say? Post your comment

Subscribe