ਕਿਨਸ਼ਾਸਾ, (ਏਜੰਸੀ) : ਕਾਂਗੋ ਡੈਮੋਕ੍ਰੇਟਿਕ ਰੀਪਬਲਿਕ(ਡੀ.ਆਰ) 'ਚ ਇਬੋਲਾ ਬੀਮਾਰੀ ਕਾਰਨ ਹੁਣ ਤਕ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਵਲੋਂ ਦਿਤੀ ਗਈ ਇਸ ਜਾਣਕਾਰੀ ਨਾਲ ਹੀ ਸਿਹਤ ਕਰਮਚਾਰੀਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਇਹ ਮਹਾਮਾਰੀ ਦੂਜੀ ਸਭ ਤੋਂ ਭਿਆਨਕ ਬੀਮਾਰੀ ਦਾ ਰੂਪ ਲੈ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਮਹਾਮਾਰੀ ਦੇ ਕਾਰਨ 2014 ਤੋਂ 2016 ਦੌਰਾਨ ਪੱਛਮੀ ਅਫ਼ਰੀਕਾ 'ਚ 11, 300 ਤੋਂ ਵਧੇਰੇ ਮੌਤਾਂ ਹੋਈਆਂ ਹਨ।
ਮਹਾਮਾਰੀ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਇੱਥੇ ਜਾਰੀ ਸੰਘਰਸ਼ਾਂ ਕਾਰਨ ਕੋਸ਼ਿਸ਼ਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿਹਤ ਮੰਤਰਾਲੇ ਨੇ ਸ਼ੁਕਰਵਾਰ ਸ਼ਾਮ ਸਮੇਂ ਇਕ ਅਪਡੇਟ 'ਚ ਦਸਿਆ ਕਿ ਕੁੱਲ ਮਿਲਾ ਕੇ 1008 ਮੌਤਾਂ ਹੋਈਆਂ ਹਨ, ਜਿਨ੍ਹਾਂ 'ਚੋਂ 942 ਮੌਤਾਂ ਦੀ ਪੁਸ਼ਟੀ ਹੋਈ ਹੈ ਜਦ ਕਿ 66 ਬਾਰੇ ਪੱਕੀ ਜਾਣਕਾਰੀ ਨਹੀਂ ਮਿਲ ਸਕੀ। ਵਿਸ਼ਵ ਸਿਹਤ ਸੰਗਠਨ ਨੇ ਸ਼ੁਰੂਆਤ 'ਚ ਉਮੀਦ ਜਤਾਈ ਸੀ ਕਿ ਉਹ ਇਸ ਤ੍ਰਾਸਦੀ ਨੂੰ ਰੋਕ ਸਕਦਾ ਹੈ। ਇਸ ਦਾਅਵੇ ਲਈ ਇਕ ਨਵਾਂ ਟੀਕਾ ਆਧਾਰ ਬਣਿਆ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਸਥਾਨਕ ਨੇਤਾਵਾਂ ਕਾਰਨ ਲੋਕ ਇਸ ਦਾ ਵਿਰੋਧ ਕਰ ਰਹੇ ਹਨ।