ਗੈਰ ਕਾਨੂੰਨੀ ਸ਼ਰਾਬ ਤੋਂ ਲੈ ਕੇ ਡਰੱਗ ਮਾਫੀਆ ਤਸਕਰੀ ਸਭ ਕੈਪਟਨ ਦੀ ਨਿਗਰਾਨੀ 'ਚ ਹੋ ਰਿਹਾ : ਚੀਮਾ
ਜਲੰਧਰ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਗੈਰ ਕਾਨੂੰਨੀ ਸ਼ਰਾਬ ਅਤੇ ਡਰੱਗ ਕਾਰੋਬਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕੈਪਟਨ ਸੂਬੇ ਵਿੱਚ ਮਾਫੀਆ ਦਾ ਸਰਗਨਾ ਬਣ ਕੇ ਸ਼ਾਸਨ ਚਲਾ ਰਹੇ ਹਨ। ਨਜਾਇਜ਼ ਕਾਰਖਾਨਿਆਂ ਤੋਂ ਲੈ ਕੇ ਮਾਈਨਿੰਗ, ਟਰਾਂਸਪੋਰਟ, ਨਜਾਇਜ਼ ਸ਼ਰਾਬ ਅਤੇ ਡਰੱਗ ਤਸਕਰੀ ਤੱਕ ਕੈਪਟਨ ਖੁਦ ਇਸ ਵਿੱਚ ਸ਼ਾਮਲ ਹਨ। ਚੀਮਾ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਅਤੇ ਖੇਤੀ ਨੂੰ ਬਰਬਾਦ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕੈਪਟਨ ਸਰਕਾਰ ਪੰਜਾਬ ਨੂੰ ਮਾਫੀਆ ਦੇ ਹਵਾਲੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋ ਰਹੇ ਸਾਰੇ ਨਜਾਇਜ਼ ਕਾਰੋਬਾਰ ਨੂੰ ਕੈਪਟਨ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਹੈ। ਨਜਾਇਜ਼ ਵਪਾਰ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਇਸ ਵਿੱਚ ਖੁਦ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਸ਼ਾਮਲ ਹਨ। ਚੀਮਾ ਨੇ ਕੈਪਟਨ ਸਰਕਾਰ ਉੱਤੇ ਘੋਟਾਲੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਨੇ ਪਹਿਲਾਂ ਪੀਏਸੀਐਲ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚ ਦਿੱਤਾ ਅਤੇ ਹੁਣ ਉਨ੍ਹਾਂ ਪੰਜਾਬ ਇਨਫੋਟੇਕ ਨੂੰ ਕੇਵਲ 95 ਕਰੋੜ ਰੁਪਏ ਵਿੱਚ ਵੇਚ ਦਿੱਤਾ। ਜਦੋਂ ਕਿ ਪੰਜਾਬ ਇਨਫੋਟੇਕ ਦੇ 31 ਏਕੜ ਦੀ ਉਸ ਸੰਪਤੀ ਦੀ ਕੀਮਤ 400 ਕਰੋੜ ਬਣਦੀ ਹੈ।
ਉਨ੍ਹਾਂ ਪੰਜਾਬ ਇਨਫੋਟੇਕ ਐਮਡੀ ਉੱਤੇ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਮੂਕਦਰਸ਼ਕ ਦੇ ਤੌਰ ਉੱਤੇ ਕੰਮ ਕੀਤਾ, ਜਾਣਬੁੱਝਕੇ ਕੰਪਨੀ ਨੂੰ ਘੱਟ ਕੀਮਤ ਉੱਤੇ ਵੇਚਣ ਦੀ ਆਗਿਆ ਦਿੱਤੀ।