Saturday, November 23, 2024
 

ਪੰਜਾਬ

'ਆਪ' ਵਿਧਾਇਕ ਅਮਰਜੀਤ ਸੰਦੋਆ ਕਾਂਗਰਸ 'ਚ ਸ਼ਾਮਲ

May 04, 2019 08:24 PM

ਚੰਡੀਗੜ੍ਹ : ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਰੂਪਨਗਰ ਤੋਂ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ 'ਚ ਸ਼ਾਮਲ ਹੋ ਗਏ।
       ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਆਪ ਦੇ ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਕਾਂਗਰਸ 'ਚ ਸ਼ਾਮਲ ਹੋਏ ਸਨ।
       ਸੰਦੋਆ ਦਾ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਸੂਬੇ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰ ਕੂਚ ਕਰ ਰਹੇ ਹਨ ਜੋ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਉਨ੍ਹਾਂ ਦੀ ਸਰਕਾਰ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ 'ਤੇ ਮੋਹਰ ਲਾਉਂਦੇ ਹਨ।
       Îਮੁੱਖ ਮੰਤਰੀ ਨੇ ਕਿਹਾ ਕਿ ਆਪ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਤਾਨਸ਼ਾਹੀ ਰਵੱਈਏ ਅਤੇ ਪਾਰਟੀ ਦੇ ਸੂਬਾਈ ਵਿੰਗ ਵਿੱਚ ਅਫਰਾਤਫਰੀ ਦੇ ਮਾਹੌਲ ਸਦਕਾ ਇਸ ਦੇ ਵਿਧਾਇਕਾਂ ਦਾ ਦਮ ਘੁਟਣ ਲੱਗਾ ਹੈ ਜਿਸ ਕਰਕੇ ਉਹ ਕਾਂਗਰਸ 'ਚ ਸ਼ਾਮਲ ਹੋਏ ਹਨ।       ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਦੇਸ਼ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।
       ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਰੂਪਨਗਰ ਵਿੱਚ ਪਾਰਟੀ ਨੂੰ ਹੋਰ ਹੁਲਾਰਾ ਮਿਲੇਗਾ ਜਿੱਥੋਂ ਮਨੀਸ਼ ਤਿਵਾੜੀ ਪਾਰਟੀ ਦੇ ਗਤੀਸ਼ੀਲ ਉਮੀਦਵਾਰ ਵਜੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਮੁਹਿੰਮ ਚਲਾ ਰਹੇ ਹਨ। ਸੰਦੋਆ ਨੂੰ ਸੰਸਦੀ ਚੋਣਾਂ 'ਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਦਾ ਸੱਦਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਲਕੇ ਵਿੱਚ ਹੇਠਲੇ ਪੱਧਰ 'ਤੇ ਸ੍ਰੀ ਤਿਵਾੜੀ ਦੀ ਮਦਦ ਕਰਨ ਲਈ ਆਖਿਆ।
       ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਾਹੌਲ ਪੂਰੀ ਤਰ੍ਹਾਂ ਕਾਂਗਰਸ ਅਤੇ ਇਸ ਦੇ ਮਿਸ਼ਨ-13 ਦੇ ਪੱਖ ਵਿੱਚ ਹੈ ਜਿਸ ਨਾਲ ਪਾਰਟੀ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਲ ਕਰੇਗੀ।

 

Have something to say? Post your comment

Subscribe