ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਅਰਜਨਟੀਨਾ ਦੇ ਦੌਰੇ ਉੱਤੇ ਰਵਾਨਾ ਹੋ ਗਈ, ਭਾਰਤੀ ਟੀਮ ਨੂੰ ਵਿਸ਼ਵ ਦੀ ਨੰਬਰ-2 ਟੀਮ ਅਰਜਨਟੀਨਾ ਵਿਰੁਧ 4 ਮੈਚਾਂ ਦੀ ਲੜੀ ਖੇਡਣੀ ਹੈ। ਇਹ ਮੈਚ 26, 28, 30 ਅਤੇ 31 ਜਨਵਰੀ ਨੂੰ ਖੇਡੇ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਟੀਮ ਅਰਜਨਟੀਨਾ ਦੀ ਜੂਨੀਅਰ ਟੀਮ ਅਤੇ ‘ਬੀ’ ਟੀਮ ਵਿਰੁਧ ਅਭਿਆਸ ਮੈਚ ਖੇਡੇਗੀ। ਜਿਕਰਯੋਗ ਹੈ ਕਿ ਟੀਮ ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਲਗਭਗ ਇਕ ਸਾਲ ਦੇ ਅਰਾਮ ਤੋਂ ਬਾਅਦ ਅਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗੀ।
ਰਾਣੀ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ, ‘‘ਫਿਰ ਤੋਂ ਦੌਰੇ ਉੱਤੇ ਜਾਣਾ ਚੰਗਾ ਲੱਗ ਰਿਹਾ ਹੈ। ਪਿਛਲੇ ਕੁੱਝ ਮਹੀਨਿਆਂ ਵਿਚ ਅਸੀਂ ਅਪਣੀ ਖੇਡ ’ਤੇ ਸਖ਼ਤ ਮਿਹਨਤ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅੰਤਰਰਾਸ਼ਟਰੀ ਮੈਚਾਂ ਵਿਚ ਅਪਣੇ ਹੁਨਰ ਦਾ ਪ੍ਰਦਰਸ਼ਨ ਕਰੀਏ।’’ ਉਨ੍ਹਾਂ ਕਿਹਾ, ‘‘ਇਸ ਸਮੇਂ ਅੰਤਰਰਾਸ਼ਟਰੀ ਮੈਚਾਂ ਵਿਚ ਖੇਡਣਾ ਥੋੜ੍ਹਾ ਵਖਰਾ ਹੋਵੇਗਾ, ਕਿਉਂਕਿ ਸਾਨੂੰ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਾ ਹੋਵੇਗਾ।’’ ਟੀਮ ਹਾਲਾਂਕਿ ਮੈਦਾਨ ਉੱਤੇ ਪਰਤਣ ਲਈ ਉਤਸ਼ਾਹਤ ਹੈ।
ਹਾਕੀ ਇੰਡੀਆ ਅਤੇ ਅਰਜਨਟੀਨਾ ਦੇ ਹਾਕੀ ਸੰਘ ਨੇ ਦੋਵਾਂ ਟੀਮਾਂ ਲਈ ਜੈਵ ਸੁਰੱਖਿਅਤ ਮਾਹੌਲ ਤਿਆਰ ਕੀਤਾ ਹੈ। ਭਾਰਤੀ ਟੀਮ ਇਕ ਹੋਟਲ ਵਿਚ ਰੁਕੇਗੀ, ਜਿੱਥੇ ਭੋਜਨ, ਟੀਮ ਬੈਠਕਾਂ ਆਦਿ ਲਈ ਵੱਖ ਤੋਂ ਕਮਰੇ-ਹਾਲ ਹੋਣਗੇ। ਪੂਰੀ ਟੀਮ ਦਾ ਰਵਾਨਗੀ ਤੋਂ 72 ਘੰਟੇ ਪਹਿਲਾਂ ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਕੀਤਾ ਗਿਆ। ਹਾਕੀ ਇੰਡੀਆ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਰਜਨਟੀਨਾ ਪੁੱਜਣ ਉੱਤੇ ਟੀਮ ਨੂੰ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਉਹ ਉਦੋਂ ਵੀ ਭਾਰਤ ਅਤੇ ਅਰਜਨਟੀਨਾ ਦੀਆਂ ਸਰਕਾਰਾਂ ਦੇ ਸੁਰੱਖਿਆ ਅਤੇ ਸਿਹਤ ਉਪਰਾਲੀਆਂ ਦਾ ਪਾਲਣ ਕਰੇਗੀ।
ਭਾਰਤੀ ਉਪ ਕਪਤਾਨ ਅਤੇ ਗੋਲਕੀਪਰ ਸਵਿਤਾ ਨੇ ਅਰਜਨਟੀਨਾ ਦੌਰੇ ਦੀ ਵਿਵਸਥਾ ਕਰਨ ਲਈ ਹਾਕੀ ਇੰਡੀਆ ਅਤੇ ਸਾਈ ਦਾ ਧਨਵਾਦ ਕੀਤਾ ਹੈ। ਸਵਿਤਾ ਨੇ ਕਿਹਾ, ‘‘ਸਾਨੂੰ ਮੁਕਾਬਲੇ ਦੀ ਲੈਅ ਵਿਚ ਪਰਤਣ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਉਲੰਪਿਕ ਵਿਚ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ। ਅਸੀਂ ਅਭਿਆਸ ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਸੀ ਪਰ ਕਿਸੇ ਵੀ ਖਿਡਾਰੀ ਦੀ ਅੰਤਰਰਾਸ਼ਟਰੀ ਮੈਚਾਂ ਵਿਚ ਅਸਲੀ ਪ੍ਰੀਖਿਆ ਹੁੰਦੀ ਹੈ।’’