ਬਠਿੰਡਾ/ਮਾਨਸਾ : ਮਾਨਸਾ ਪੁਲਿਸ ਨੇ ਹਰਿਆਣਾ ਦੀ ਸ਼ਰਾਬ ਦੀਆਂ 317 ਬੋਤਲਾਂ ਫੜੀਆਂ ਹਨ ਜਿਹਨਾਂ ਚੋਂ 300 ਇੱਕ ਹੀ ਸਮਗਲਰ ਤੋਂ ਬਰਾਮਦ ਕੀਤੀਆਂ ਹਨ ਜੋ ਇੱਕ ਕਾਰ ਰਾਹੀਂ ਪੰਜਾਬ ’ਚ ਵੇਚਣ ਲਈ ਲਿਆ ਰਿਹਾ ਸੀ।ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਉਰਫ ਬਿੱਲਾ ਪੁੱਤਰ ਮੋਮਨ ਸਿੰਘ ਵਾਸੀ ਮਾਨਸਾ ਜੋ ਆਪਣੀ ਕਾਰ ਤੇ ਜਾਅਲੀ ਨੰਬਰ ਪਲੇਟ ਰਾਹੀਂ ਹਰਿਆਣਾ ਦੀ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਪੁਲਿਸ ਨੇ ਥਾਣਾ ਸਿਟੀ-2 ਮਾਨਸਾ ਵਿਖੇ ਮੁਲਜਮ ਖਿਲਾਫ ਆਬਕਾਰੀ ਐਕਟ ਦਾ ਮੁਕੱਦਮਾ ਕਰਵਾਉਣ ਉਪਰੰਤ ਛਾਪਾ ਮਾਰਕੇ ਇੰਡੀਗੋ ਕਾਰ ’ਚ ਲਿਆਂਦੀਆਂ ਜਾ ਰਹੀਆਂ ਹਰਿਆਣਾ ਦੀ ਸ਼ਰਾਬਾਂ ਸ਼ਹਿਨਾਈ ਦੀਆਂ 204 ਬੋਤਲਾਂ, ਮਾਲਟਾ, 48 ਬੋਤਲਾਂ ਅਤੇ ਫਸਟ ਚੁਆਇਸ ਦੀਆਂ 48 ਬੋਤਲਾਂ ਸਮੇਤ ਕੁੱਲ 300 ਬੋਤਲਾਂ ਸ਼ਰਾਬ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਮੁਲਜਮ ਨਸ਼ਿਆਂ ਦਾ ਧੰਦਾ ਕਰਦਾ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ਼ ਹੈ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਕੇ ਮੁਲਜਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਥਾਣਾ ਭੀਖੀ ਪੁਲਿਸ ਨੇ ਅਸ਼ੋੋਕ ਕੁਮਾਰ ਉਰਫ ਲਾਟੀ ਪੁੱਤਰ ਗੋਪਾਲ ਦਾਸ ਵਾਸੀ ਬੁਢਲਾਡਾ ਨੂੰ 10 ਬੋਤਲਾਂ ਸ਼ਰਾਬ ਸਣੇ ਕਾਬੂ ਕਰਕੇ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਹੈ। ਇਸੇ ਤਰਾਂ ਥਾਣਾ ਝੁਨੀਰ ਪੁਲਿਸ ਨੇ ਹੀਰਾ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਬਲਵੀਰ ਸਿੰਘ ਵਾਸੀਅਨ ਫਤਿਹਪੁਰ ਨੂੰ ਕਾਬੂ ਕਰਕੇ 7 ਬੋਤਲਾਂ ਹਰਿਆਣਾ ਦੀ ਦੇਸੀ ਸ਼ਰਾਬ ਦੀਆਂ ਬਰਾਮਦ ਕਰਕੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਹੈ।