ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਦੇ ਵਿਭਾਗ ਨੇ ਮੰਤਰੀ ਵੱਲੋਂ ਪਰਿਵਾਰਕ ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈ ਲੈਣ ਖਿਲਾਫ ਤੇ ਇਹ ਰਕਮ ਵਸੂਲਣ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ।
ਇਕ ਬਿਆਨ ਵਿਚ ਸਾਬਕਾ ਮੰਤਰੀ ਗਰੇਵਾਲ ਨੇ ਕਿਹਾ ਕਿ ਪੀ ਡਬਲਿਊ ਡੀ ਵਿਭਾਗ ਵੱਲੋਂ ਮੰਤਰੀ ਖਿਲਾਫ ਵਸੂਲੀ ਦਾ ਕੇਸ ਪਾਉਣ ਮਗਰੋਂ ਉਹ ਰੁਤਬੇ ’ਤੇ ਕਾਇਮ ਰਹਿਣ ਦੇ ਲਾਇਕ ਨਹੀਂ ਰਹੇ। ਉਹਨਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜੋ ਜ਼ਮੀਨ 1962 ਵਿਚ ਐਕਵਾਇਰ ਕੀਤੀ ਸੀ ਤੇ ਜਿਸਦਾ ਉਹਨਾਂ ਨੂੰ ਮੁਆਵਜ਼ਾ ਮਿਲਿਆ ਸੀ, ਉਸੇ ਜ਼ਮੀਨ ਲਈ 2013 ਵਿਚ ਵੀ ਮੁਆਵਜ਼ਾ ਲੈ ਲਿਆ। ਉਹਨਾਂ ਕਿਹਾ ਕਿ ਪੀ ਡਬਲਿਊ ਵਿਭਾਗ ਨੇ ਖੁਲ੍ਹਾਸਾ ਕੀਤਾ ਹੈ ਮੰਤਰੀ ਤੇ ਉਸਦੇ ਪਰਿਵਾਰ ਨੂੰ ਇਕ ਕਰੋੜ 83 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਜਦੋਂ ਮੰਤਰੀ ਨੇ ਅਦਾਲਤ ਵਿਚ ਕੇਸ ਕਰ ਕੇ ਆਪਣੇ ਹੱਕ ਵਿਚ ਫੈਸਲਾ ਕਰਵਾ ਲਿਆ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਣਾ ਸੋਢੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਫੌਜਦਾਰੀ ਗੁਨਾਹ ਕੀਤਾ ਹੈ। ਉਹਨਾਂ ਕਿਹਾ ਕਿ ਧੋਖਾਧੜੀ ਤੇ ਜਾਅਲਸਾਜ਼ੀ ਦੇ ਕੇਸ ਇਹਨਾਂ ਸਾਰਿਆਂ ਖਿਲਾਫ ਦਰਜ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਾਲ ਹੀ ਮੁੱਖ ਮੰਤਰੀ ਨੂੰ ਰਾਣਾ ਸੋਢੀ ਨਾਲ ਆਪਣੀ ਦੋਸਤੀ ਨੂੰ ਆਪਣੇ ਸਰਕਾਰੀ ਫਰਜ਼ਾਂ ਦੇ ਰਾਹ ਵਿਚ ਅੜਿਕਾ ਨਹੀਂ ਬਣਨ ਦੇਣਾ ਚਾਹੀਦਾ ਅਤੇ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।