ਕਪੂਰਥਲਾ : ਸਟੈਟਿਕ ਸਰਵਰ ਟੀਮ ਨੇ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਕਪੂਰਥਲਾ-ਕਰਤਾਰਪੁਰ ਮਾਰਗ 'ਤੇ ਪੈਂਦੇ ਪਿੰਡ ਡੈਨਵਿੰਡ ਦੇ ਨਜ਼ਦੀਕ ਇਕ ਕਾਰ 'ਚੋਂ 1.10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਬਰਾਮਦ ਨਕਦੀ ਸਬੰਧੀ ਇਨਕਮ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪ੍ਰਵੇਸ਼ ਕੁਮਾਰ ਅਸਪਾਲ ਦੀ ਅਗਵਾਈ 'ਚ ਇਕ ਸਟੈਟਿਕ ਸਰਵਰ ਟੀਮ ਜਿਸ 'ਚ ਏ. ਐੱਸ. ਆਈ. ਪਰਮਜੀਤ ਸਿੰਘ ਸਮੇਤ ਕਈ ਪੁਲਸ ਕਰਮਚਾਰੀ ਸ਼ਾਮਲ ਸਨ, ਨੇ ਚੈਕਿੰਗ ਮੁਹਿੰਮ ਦੇ ਤਹਿਤ ਜਦੋਂ ਇਕ ਕਰੋਲਾ ਕਾਰ ਨੂੰ ਰੋਕ 'ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ 1.25 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਬਰਾਮਦ ਨਕਦੀ ਸਬੰਧੀ ਜਦੋਂ ਕਾਰ ਚਾਲਕ ਰਾਜਪਾਲ ਸਿੰਘ ਪੁੱਤਰ ਬਲਵਾਨ ਸਿੰਘ ਵਾਸੀ ਪਿਡ ਪੰਛੀ ਜੱਟਾਂ ਜ਼ਿਲਾ ਸੋਨੀਪਤ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ 15 ਹਜ਼ਾਰ ਰੁਪਏ ਦੀ ਨਕਦੀ ਨੂੰ ਬੈਂਕ ਤੋਂ ਕਢਵਾਉਣ ਦੀ ਡਿਟੇਲ ਪੇਸ਼ ਕੀਤੀ, ਜਦ ਕਿ ਰਾਜਪਾਲ ਸਿੰਘ ਬਾਕੀ 1.10 ਲੱਖ ਰੁਪਏ ਦੀ ਰਕਮ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਬਰਾਮਦਗੀ ਸਬੰਧੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਬਰਾਮਦ ਨਕਦੀ ਨੂੰ ਥਾਣਾ ਕੋਤਵਾਲੀ ਭੇਜਦੇ ਹੋਏ ਇਨਕਮ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਇਨਕਮ ਵਿਭਾਗ ਦੀ ਟੀਮ ਨੇ ਜਿੱਥੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ, ਉਥੇ ਹੀ ਇਸ ਸਬੰਧੀ ਰਾਜਪਾਲ ਸਿੰਘ ਨੂੰ ਸੋਮਵਾਰ ਏ. ਡੀ. ਐੱਮ. ਦਫ਼ਤਰ 'ਚ ਬੁਲਾਇਆ ਗਿਆ ਹੈ।