ਚੰਡੀਗੜ੍ਹ, : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਕਰਤਾਰਪੁਰ ਸਾਹਿਬ ਲਾਂਘੇ (ਕੋਰੀਡੋਰ) ਲਈ ਸੜਕ ਨਿਰਮਾਣ ਲਈ ਕਿਸਾਨਾਂ ਤੋਂ ਲਈ ਗਈ ਜ਼ਮੀਨ ਦੀ ਮੁਆਵਜ਼ਾ ਰਾਸ਼ੀ 'ਚੋਂ ਟੀਡੀਐਸ (ਟੈਕਸ) ਕੱਟੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਮਾਰੂ ਫ਼ੈਸਲੇ ਕਿਸਾਨਾਂ 'ਤੇ ਨਾ ਥੋਪਣ ਜੋ ਪਹਿਲਾਂ ਹੀ ਗੰਭੀਰ ਆਰਥਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਪਾਰਟੀ ਦੇ ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੇਂਦਰੀ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਰਤਾਉ ਕਰ ਰਹੀਆਂ ਹਨ। ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਅਪਣੀਆਂ ਜ਼ਮੀਨਾਂ ਸਮਰਪਤ ਕਰਨ ਵਾਲੇ ਕਿਸਾਨ ਮਾਲਕਾਂ ਦੀ ਮੁਆਵਜ਼ਾ ਰਾਸ਼ੀ 'ਚੋਂ ਟੈਕਸ ਕੱਟਿਆ ਜਾ ਰਿਹਾ ਹੈ, ਜੋ ਸਹੀ ਨਹੀਂ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਵੱਲੋਂ ਮੋਦੀ ਸਰਕਾਰ 'ਚ ਵਜ਼ੀਰ ਹਰਸਿਮਰਤ ਕੌਰ ਬਾਦਲ 'ਤੇ ਤੰਜ ਕਸਦਿਆਂ ਕਿਹਾ ਕਿ ਨਿੱਜੀ ਸਿਆਸੀ ਸਵਾਰਥਾਂ ਲਈ ਕੈਪਟਨ ਅਤੇ ਬਾਦਲ ਪਰਵਾਰ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਅਪਣੇ ਸਿਰ ਬੰਨ੍ਹਣ ਲਈ ਜਿਵੇਂ ਇਕ-ਦੂਜੇ ਤੋਂ ਅੱਗੇ ਭੱਜ ਰਹੇ ਸਨ, ਹੁਣ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਕਿਉਂ ਨਹੀਂ ਆ ਰਹੇ। ਮਾਨ ਨੇ ਇਸ ਮਾਮਲੇ 'ਤੇ ਕੈਪਟਨ ਅਤੇ ਬਾਦਲਾਂ ਦੀ ਚੁੱਪੀ ਨੂੰ ਮੰਦਭਾਗਾ ਕਰਾਰ ਦਿਤਾ।