ਕਿਨੌਰ : ਹਿਮਾਚਲ ਪ੍ਰਦੇਸ਼ ’ਚ ਇਕ ਔਰਤ ਦਾ ਸੈਲਫ਼ੀ ਲੈਂਦੇ ਪੈਰ ਤਿਲਕ ਗਿਆ ਅਤੇ ਉਹ ਪਹਾੜ ਤੋਂ ਹੇਠਾਂ ਖਾਈ ’ਚ ਡਿੱਗ ਗਈ ਜਿਸ ਕਾਰਨ ਉਹ ਰੱਬ ਨੂੰ ਪਿਆਰੀ ਹੋ ਗਈ। ਰਾਤ ਵੇਲੇ ਹਨੇਰਾ ਹੋਣ ਕਾਰਨ ਮਹਿਲਾ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦਸਣਯੋਗ ਹੈ ਕਿ ਇਹ ਹਾਦਸਾ ਹਿਮਾਚਲ ਪ੍ਰਦੇਸ਼ ’ਚ ਕਿਨੌਰ ਦੇ ਕਲਪਾ ਨੇੜੇ ਸਥਿਤ ਸੁਸਾਇਡ ਪੁਆਇੰਟ ਨੇੜੇ ਵਾਪਰਿਆ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਅੱਜ ਮੁੜ ਤੋਂ ਤਲਾਸ਼ੀ ਮੁਹਿੰਮ ਚਲਾਈ ਸੀ। ਮਿ੍ਰਤਕ ਦੀ ਪਛਾਣ 40 ਸਾਲਾ ਰੇਖਾ ਸ਼ਰਮਾ ਵਜੋਂ ਹੋਈ ਹੈ। ਡਰਾਇਵਰ ਨੇ ਦੱਸਿਆ ਮਹਿਲਾ ਕਿਨੌਰ ਵਿਚ ਕਿੰਨਰ ਕੈਲਾਸ਼ ਨੂੰ ਵੇੇਖਣ ਲਈ ਦਿੱਲੀ ਤੋਂ ਕਲਪਾ ਆਈ ਸੀ। ਜਦੋਂ ਉਹ ਅਪਣੇ ਵਾਹਨ ਦੀ ਸਫ਼ਾਈ ਕਰ ਰਿਹਾ ਸੀ ਤਾਂ ਔਰਤ ਸੁਸਾਇਡ ਪੁਆਇੰਟ 'ਤੇ ਫ਼ੋੋਟੋ ਖਿੱਚ ਰਹੀ ਸੀ ਤੇ ਕੁਝ ਸਮੇਂ ਬਾਅਦ ਉਸ ਨੇ ਔਰਤ ਦੀ ਚੀਕ ਸੁਣੀ ਜਿਸ ’ਤੇ ਉਹ ਸੁਸਾਇਡ ਪੁਆਇੰਟ ਵਲ ਗਿਆ ਪਰ ਔਰਤ ਦਾ ਕੁਝ ਨਹੀਂ ਪਤਾ ਲੱਗਾ। ਚਾਲਕ ਨੇ ਹੈਲਪਲਾਈਨ ਨੰਬਰ 100 'ਤੇ ਸੂਚਨਾ ਦਿਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਪ੍ਰਸ਼ਾਸਨ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਪਰ ਹਨੇਰੇ ਕਾਰਨ ਰਾਤ ਨੂੰ ਬਚਾਅ ਕਾਰਜ ਨਹੀਂ ਚਲਾਇਆ ਜਾ ਸਕਿਆ।