ਸੈਂਟਰ ਨੇ ਹੁਣ ਤੱਕ ਰਾਜੀਨਾਮੇ ਰਾਹੀਂ 209 ਘਰ ਟੁੱਟਣ ਤੋਂ ਬਚਾਏ : ਡੀ. ਸੀ
ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਸਥਾਨਕ ਜ਼ਿਲ੍ਹਾ ਹਸਪਤਾਲ ਕੰਪਲੈਕਸ ਵਿਚ ਚਲਾਇਆ ਜਾ ਰਿਹਾ ‘ਸਖੀ ਵਨ ਸਟਾਪ ਸੈਂਟਰ’ ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ। ਸੈਂਟਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਮਹਿਲਾਵਾਂ ਦੀ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਹਰ ਲੋੜ ਨੂੰ ਇਕੋ ਛੱਤ ਥੱਲੇ ਪੂਰਾ ਕੀਤਾ ਜਾਂਦਾ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਖੀ ਵਨ ਸਟਾਪ ਸੈਂਟਰ ਦੇ ਕੰਮਕਾਜ ਦਾ ਮੁਲਾਂਕਣ ਕਰਨ ਲਈ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦਾ ਮੁੱਖ ਮੰਤਵ ਹਿੰਸਾ ਪੀੜਤ ਔਰਤਾਂ ਨੂੰ ਇਲਾਜ, ਕਾਨੂੰਨੀ ਸਹਾਇਤਾ ਅਤੇ ਮਾਨਸਿਕ ਰਾਹਤ ਲਈ ਕਾਊਂਸਲਿੰਗ ਪ੍ਰਦਾਨ ਕਰਨਾ ਹੈ। ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਸੈਂਟਰ ਵਿਚ ਹੁਣ ਤੱਕ 237 ਕੇਸ ਆਏ ਹਨ, ਜਿਨ੍ਹਾਂ ਵਿਚੋਂ 209 ਦੇ ਰਾਜੀਨਾਮੇ ਰਾਹੀਂ ਦੋਵਾਂ ਧਿਰਾਂ ਦੀ ਕਾਊਂਸਲਿੰਗ ਕਰ ਕੇ ਇਨ੍ਹਾਂ ਦੇ ਆਪਸੀ ਗਿਲੇ-ਸ਼ਿਕਵੇ ਦੂਰ ਕਰ ਕੇ ਘਰ ਟੁੱਟਣ ਤੋਂ ਬਚਾਏ ਹਨ, ਜੋ ਹੁਣ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੁਝ ਮਾਮਲੇ, ਜਿਨ੍ਹਾਂ ਵਿਚ ਆਪਸੀ ਸਮਝੌਤੇ ਦੀ ਗੁੰਜਾਇਸ਼ ਨਹੀਂ ਹੁੰਦੀ, ਉਨ੍ਹਾਂ ਨੂੰ ਲੋੜ ਅਨੁਸਾਰ ਪੋਲਿਸ ਕੋਲ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ 33 ਕੇਸ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ 23 ਕੇਸ ਭੇਜੇ ਗਏ ਹਨ। ਇਸ ਮੌਕੇ ਸੈਂਟਰ ਐਡਮਨਿਸਟ੍ਰੇਟਰ ਮਨਜੀਤ ਕੌਰ, ਸਿਵਲ ਸਰਜਨ ਡਾ. ਆਰ. ਪੀ ਭਾਟੀਆ, DSP ਨਿਰਮਲ ਸਿੰਘ, ਸੀ. ਡੀ. ਪੀ. ਓ ਨਵਾਂਸ਼ਹਿਰ ਜਸਵੰਤ ਕੌਰ ਅਤੇ ਤਵਿੰਦਰ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਅਧਿਕਾਰੀ ਹਾਜ਼ਰ ਸਨ।