ਕਿਸਾਨਾਂ ਵੱਲੋਂ ਰੋਸ 'ਚ ਸੜਕ ਜਾਮ
ਬਠਿੰਡਾ : ਜ਼ਮੀਨਾਂ ਖੋਹਣ ਦੇ ਖਦਸ਼ਿਆਂ ਦੇ ਚੱਲਦਿਆਂ ਮੁਲਕ ਭਰ 'ਚ ਚੱਲ ਰਹੇ ਸੰਘਰਸ਼ ਦੌਰਾਨ ਅੱਜ ਕੌਮੀ ਸੜਕ ਮਾਰਗ ਬਠਿੰਡਾ ਡੱਬਵਾਲੀ ਲਈ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨੂੰ ਲੈਕੇ ਕਿਸਾਨਾਂ ਤੇ ਪ੍ਰਸ਼ਾਸ਼ਨ ਵਿਚਕਾਰ ਰੱਫੜ ਪੈ ਗਿਆ ਹੈ। ਜੇਕਰ ਅਧਿਕਾਰੀਆਂ ਨੇ ਮਸਲਾ ਹੱਲ ਨਾਂ ਕੀਤਾ ਤਾਂ ਬਠਿੰਡਾ ਖਿੱਤੇ 'ਚ ਨਵਾਂ ਟਿੱਕਰੀ ਬਰਾਡਰ ਬਣਨ ਦੇ ਆਸਾਰ ਬਣ ਗਏ ਹਨ। ਅੱਜ ਕਿਸਾਨਾਂ ਨੇ ਜਬਰੀ ਜਮੀਨਾਂ ਖੋਹਣ ਦੇ ਦੋਸ਼ ਲਾਉਂਦਿਆਂ ਪਿਡ ਗੁਰੂਸਰ ਸੈਣੇਵਾਲਾ ਕੋਲ ਬਠਿੰਡਾ ਡੱਬਵਾਲੀ ਸੜਕ ਜਾਮ ਕਰ ਦਿੱਤੀ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਰ ਦੂਰ ਤੱਕ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ ਜਿਹਨਾਂ ਨੂੰ ਜਾਮ ਦਾ ਪਤਾ ਲੱਗਦਿਆਂ ਮੌਕੇ ਤੇ ਪੁੱਜੇ ਥਾਣਾ ਸੰਗਤ ਦੇ ਮੁਖੀ ਦਲਜੀਤ ਸਿੰਘ ਬਰਾੜ ਅਤੇ ਪੁਲਸ ਪਾਰਟੀ ਬਦਲਵੇ ਰਸਤਿਆ ਰਾਹੀਂ ਲੰਘਾਇਆ। ਦੱਸਣਯੋਗ ਹੈ ਕਿ ਅਵਾਜਾਈ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਬਠਿੰਡਾ ਤੋਂ ਡੱਬਵਾਲੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ। ਪਿੰਡ ਜੋਧਪੁਰ ਰੁਮਾਣਾ ਤੋਂ ਲੈ ਕੇ ਪਥਰਾਲਾ ਤੱਕ 27 ਕਿੱਲੋਮੀਟਰ ਸੜਕ ਛੇ ਮਾਰਗੀ ਕੀਤੀ ਜਾ ਰਹੀ ਹੈ। ਇਸ ਸੜਕ ਨੂੰ ਇਕ ਪਾਸੇ 80 ਮੀਟਰ ਤੇ ਦੂਸਰੇ ਪਾਸੇ 40 ਮੀਟਰ ਚੌੜਾ ਕਰਨਾ ਹੈ ਜਿਸ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਸੜਕ ਦੇ ਦੋਹਾਂ ਪਾਸੇ ਦਰਜ਼ਨਾਂ ਪੈਟਰੋਲ ਪੰਪ, ਢਾਬੇ ਤੇ ਕਾਰਖਾਨੇ ਆਉਦੇ ਹਨ। ਸਮੱਸਿਆ ਦੀ ਜੜ ਇਹ ਹੈ ਕਿ ਇਹਨਾਂ ਵਪਾਰਕ ਸੰਪਤੀਆਂ ਦਾ ਮੁਅਵਜਾ ਆਮ ਜਮੀਨਾਂ ਦੀ ਤਰਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਮੀਨ ਦਾ ਘੱਟ ਮੁਅਵਜਾ ਦਿੱਤਾ ਜਾ ਰਿਹਾ ਹੈ ਜੋ ਰੌਲੇ ਦਾ ਕਾਰਨ ਬਣਿਆ ਹੈ।
ਕਿਸਾਨਾਂ ਨੇ ਆਖਿਆ ਕਿ ਸਰਕਾਰ ਧੱਕੇ ਨਾਲ ਜ਼ਮੀਨਾਂ ਖੋਹ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਇਹ ਸਾਰਾ ਇਲਾਕਾ ਕਮਰਸ਼ੀਅਲ 'ਚ ਆਉਦਾ ਹੈ, ਇਥੇ ਜ਼ਮੀਨ ਦਾ ਹੀ ਭਾਅ ਢਾਈ ਤੋਂ ਤਿੰਨ ਕਰੋੜ ਪ੍ਰਤੀ ਏਕੜ ਹੈ ਜਦੋਕਿ ਸਰਕਾਰ ਸਿਰਫ 18 ਲੱਖ ਦੇ ਹਿਸਾਬ ਨਾਲ ਹੀ ਮੁਵਆਜ਼ਾ ਦੇ ਰਹੀ ਹੈ, ਜੋ ਉਹਨਾਂ ਨੂੰ ਬਿਲਕੁਲ ਵੀ ਮਨਜੂਰ ਨਹੀਂ। ਵਿਨੋਦ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SDM ਕਮ ਭੋਂ ਪ੍ਰਾਪਤੀ ਕੁਲੈਕਟਰ ਵੱਲੋਂ ਜੋ ਵਾਰ-ਵਾਰ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ ਉਹ ਸਿਰਫ਼ ਖ਼ੇਤੀ ਰਹਿਤ ਹੀ ਜ਼ਮੀਨ ਦਾ ਹੀ ਹੈ ਜਦਕਿ ਕਾਫੀ ਗਿਣਤੀ ਲੋਕ ਐਕਵਾਇਰ ਕੀਤੀ ਜਾਣ ਵਾਲੀ ਸੰਪਤੀ ਦੇ ਕਮਰਸ਼ੀਅਲ ਹੋਣ ਦੇ ਕਈ ਵਾਰ ਸਬੂਤ ਦੇ ਚੁੱਕੇ ਹਨ ਜਿਹਨਾਂ ਨੂੰ ਅਧਿਕਾਰੀ ਮੰਨਣ ਨੂੰ ਤਿਆਰ ਨਹੀਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧ 'ਚ ਕਿਸਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਹਨਾਂ ਦੇ ਰਿਸ਼ਤੇਦਾਰ ਜੈਜੀਤ ਜੋਹਲ ਨੂੰ ਵੀ ਮਿਲ ਆਏ ਹਨ। ਉਹਨਾਂ ਮੰਗ ਕੀਤੀ ਕਿ ਜੋ ਜ਼ਮੀਨ ਖੇਤੀਬਾੜੀ ਵਾਲੀ ਹੈ ਉਸ ਦਾ ਉਸੇ ਹਿਸਾਬ ਨਾਲ ਅਤੇ ਕਮਰਸ਼ੀਅਲ ਜਮੀਨ ਦਾ ਉਸ ਮੁਤਾਬਕ ਮੁਵਆਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਨੂੰ ਬਣਦਾ ਮੁਵਆਜ਼ਾ ਨਾ ਦਿੱਤਾ ਤਾਂ ਉਹ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਆਪਣੀ ਜ਼ਮੀਨ ਨਹੀਂ ਦੇਣਗੇ।
ਇਸ ਮੌਕੇ ਵਿਨੋਦ ਕੁਮਾਰ ਬਾਂਸਲ, ਮੋਹਿਤ ਗੁਪਤਾ, ਆਰ.ਐਸ. ਰੋਮਾਣਾ, ਹੈਰੀ ਰੋਮਾਣਾ, ਕੁਲਦੀਪ ਸਰਾਂ, ਰਜਿੰਦਰ ਕੁਮਾਰ, ਯੋਗੇਸ਼ ਕੁਮਾਰ ਤੇ ਕ੍ਰਿਸ਼ਨ ਸਿੰਗਲਾ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਹਾਜਰ ਸਨ ਜਿਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਸਹੀ ਮੁਅਵਜਾ ਨਾਂ ਮਿਲਿਆ ਤਾਂ ਉਹ ਨਿਆਂ ਪ੍ਰਾਪਤੀ ਲਈ ਤਿੱਖੇ ਸੰਘਰਸ਼ਾਂ ਦੇ ਰਾਹ ਵੀ ਪੈ ਸਕਦੇ ਹਨ ।
ਨਿਯਮਾਂ ਅਨੁਸਾਰ ਕਾਰਵਾਈ
ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਅਜੇ ਤੱਕ ਤਾਂ ਕਿਸਾਨਾਂ ਨੂੰ ਮੁਅਵਜਾ ਦੇਣ ਦਾ ਫੈਸਲਾ ਹੀ ਨਹੀਂ ਹੋਇਆ ਹੈ। ਉਹਨਾਂ ਦੱਸਿਆ ਕਿ ਉਹ ਕਾਨੂੰਨ ਅਨੁਸਾਰ ਕੰਮ ਕਰਨਗੇ ਅਤੇ ਨੈਸ਼ਨਲ ਹਾਈਵੇਅ ਐਕਟ ਦੇ ਕਾਇਦੇਕਾਨੂੰਨ ਦੇ ਅਧਾਰ ਤੇ ਮੁਆਵਜ਼ਾ ਦਿੱਤਾ ਜਾਵੇਗਾ।
ਉਹਨਾਂ ਆਖਿਆ ਕਿ ਜੇਕਰ ਕਿਸੇ ਕਿਸਾਨ ਨੂੰ ਮੁਅਚਜਾ ਰਾਸ਼ੀ ਘੱਟ ਹੈ ਤਾਂ ਉਹ ਅਦਾਲਤ ਜਾ ਸਕਦਾ ਹੈ। ਕੌਮੀ ਸੜਕ ਮਾਰਗ ਦਾ ਚੰਗਾ ਪੱਖ ਬਠਿੰਡਾ ਡੱਬਵਾਲੀ ਪ੍ਰਜੈਕਟ ਦਾ ਚੰਗਾ ਪੱਖ ਇਹ ਹੈ ਕਿ ਮੁਕੰਮਲ ਹੋਣ ਤੋਂ ਬਾਅਦ ਗੱਡੀਆਂ ਵਾਲਿਆਂ ਦਾ ਸਫਰ ਕਾਫੀ ਸੌਖਾ ਹੋ ਜਾਏਗਾ ਅਤੇ ਸਦਾ ਲਈ ਆਵਾਜਾਈ ਜਾਮ ਰਹਿਣ ਦੇ ਰੋਗ ਕੱਟੇ ਜਾਣਗੇ। ਸਰਕਾਰ ਦਾ ਤਰਕ ਹੈ ਕਿ ਇਹ ਪ੍ਰਜੈਕਟ ਮੁਕੰਮਲ ਹੋਣ ਤੋਂ ਬਾਅਦ ਗੁਆਂਢੀ ਸੂਬਿਆਂ ਤੋਂ ਵਪਾਰ ਵਧੇਗਾ ਪਰ ਵੱਡੀ ਗਿਣਤੀ ਲੋਕਾਂ ਦੀ ਆਪਣੀ ਜੱਦੀ ਪੁਸ਼ਤੀ ਪੂੰਜੀ ਜਮੀਨ ਸਦਾ ਲਈ ਉਹਨਾਂ ਤੋਂ ਖੁੱਸ ਜਾਏਗੀ। ਜੇਬਾਂ ਖਾਲੀ ਕਰੇਗੀ ਸੜਕ ਇਸ ਕੌਮੀ ਸੜਕ ਮਾਰਗ ਤੇ ਸਫਰ ਕਰਨ ਵਾਲਿਆਂ ਦਾ ਸਫਰ ਸੌਚਾਲਾ ਹੋ ਜਾਏਗਾ ਪਰ ਉਹਨਾਂ ਨੂੰ ਲੰਮਾਂ ਸਮਾਂ ਟੌਲ ਟੈਕਸ ਤਾਰਨਾ ਪਏਗਾ। ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਜੇਕਰ ਲੋਕਾਂ ਨੇ ਪੈਸੇ ਦੇ ਕੇ ਹੀ ਸਫਰ ਕਰਨਾ ਹੈ ਤਾਂ ਵੈਲਫੇਅਰ ਸਟੇਟ ਅਖਵਾਉਣ ਦੀ ਕੀ ਤੁਕ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦਾ ਬਣਦਾ ਮੁਆਵਜਾ ਦੇਵੇ।