Saturday, November 23, 2024
 

ਪੰਜਾਬ

ਪੰਜਾਬ 'ਚ ਦੰਦ ਵਜਾਉਣ ਵਾਲੀ ਠੰਢ ਨੇ ਜਕੜਿਆ ਜਨਜੀਵਨ

December 16, 2020 08:00 PM

ਅੰਮ੍ਰਿਤਸਰ ਸਭ ਤੋਂ ਠੰਢਾ ਅਤੇ ਬਠਿੰਡਾ ਦੂਸਰੇ ਸਥਾਨ 'ਤੇ ਰਿਹਾ

ਬਠਿੰਡਾ : ਬੀਤੇ ਦੋ ਦਿਨਾਂ ਤੋਂ ਪੈ ਰਹੀ ਠੰਢ ਨੇ ਪੰਜਾਬ 'ਚ ਆਮ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਵਿਸ਼ੇਸ਼ ਤੱਥ ਹੈ ਕਿ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਡਿੱਗੇ ਪਾਰੇ ਨੇ ਗਰੀਬਾਂ ਅਤੇ ਦਿਹਾੜੀਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੰਜਾਬ 'ਚ ਅੰਮ੍ਰਿਤਸਰ ਅੱਜ ਸਭ ਤੋਂ ਠੰਢਾ ਰਿਹਾ ਜਦੋਂਕਿ ਬਠਿੰਡਾ ਦੂਸਰੇ ਸਥਾਨ 'ਤੇ ਰਿਹਾ ਹੈ । ਦੋਵਾਂ ਸ਼ਹਿਰਾਂ ਦਾ ਪਾਰਾ ਅੱਜ ਸ਼ਿਮਲਾ ਤੋਂ ਵੀ ਘੱਟ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਅੱਜ ਅੰਮ੍ਰਿਤਸਰ 'ਚ ਸਭ ਤੋਂ ਘੱਟ 2 ਡਿਗਰੀ ਸੈਲਸ਼ੀਅਸ ਤਾਪਮਾਨ ਦਰਜ ਹੋਇਆ ਹੈ। ਬਠਿੰਡਾ 'ਚ ਇਹ ਅੰਕੜਾ 2.6 ਡਿਗਰੀ ਸੈਲਸ਼ੀਅਸ ਰਿਹਾ। ਇਨ੍ਹਾਂ ਦੋਵਾਂ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ ਵੀ ਕ੍ਰਮਵਾਰ 14.6 ਅਤੇ 14.5 ਡਿਗਰੀ ਦਰਜ ਕੀਤਾ ਗਿਆ ਹੈ। ਬਠਿੰਡਾ 'ਚ ਤਾਪਮਾਨ ਔਸਤ ਨਾਲ 9 ਪੁਆਇੰਟ ਘੱਟ ਰਿਹਾ ਜਦੋਂਕਿ ਅੰਮ੍ਰਿਤਸਰ ਦਾ ਅੰਕੜਾ 7 ਪੁਆਇੰਟ ਹੈ।ਬਠਿੰਡਾ ਖਿੱਤੇ 'ਚ ਅੱਜ ਪੂਰਾ ਦਿਨ11.2 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਠੰਢੀਆਂ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਜਿਸ ਨੇ ਸਮੱਸਿਆ 'ਚ ਹੋਰ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਤਾਪਸੀ ਪੰਨੂੰ ਨੇ 'ਰਸ਼ਮੀ ਰਾਕੇਟ' ਲਈ ਪੂਰੀ ਕੀਤੀ ਅਥਲੈਟਿਕ ਟ੍ਰੈਨਿੰਗ

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਗਲੇ 4 ਦਿਨ ਸਾਢੇ ਸੱਤ ਤੋਂ ਕਰੀਬ 11 ਕਿੱਲੋਮੀਟਰ ਦੀ ਰਫਤਾਰ ਨਾਲ ਠੰਢੀ ਹਵਾ ਵਗਦੀ ਰਹੇਗੀ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਦਿਨ ਅਤੇ ਰਾਤ ਠੰਢੇ ਰਹਿਣ ਦਾ ਅਨੁਮਾਨ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਬਠਿੰਡਾ ਖਿੱਤੇ 'ਚ18 ਅਤੇ 19 ਦਸੰਬਰ ਨੂੰ ਤਾਪਮਾਨ ਦੋ ਤੋਂ ਤਿੰਨ ਡਿਗਰੀ ਵਧਣ ਦੇ ਆਸਾਰ ਹਨ। ਫਰੀਦਕੋਟ ਵੀ ਅੱਜ ਠੰਢੇ ਖੇਤਰਾਂ 'ਚ ਸ਼ਮਾਰ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ14.5 ਡਿਗਰੀ ਦਰਜ ਹੋਇਆ ਜਦੋਂਕਿ ਘੱਟ ਤੋਂ ਘੱਟ 4 ਡਿਗਰੀ ਰਿਹਾ। ਲੁਧਿਆਣਾ 'ਚ ਅੱਜ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਅਤੇ ਵੱਧ ਤੋਂ ਵੱਧ 16.2 ਡਿਗਰੀ ਦਰਜ ਹੋਇਆ ਹੈ ਜੋਕਿ ਔਸਤ ਨਾਲੋਂ 6 ਦਰਜੇ ਘੱਟ ਹੈ। ਸ਼ਾਹੀ ਸ਼ਹਿਰ ਪਟਿਆਲਾ 'ਚ ਵੱਧ ਤੋਂ ਵੱਧ 17 ਡਿਗਰੀ ਅਤੇ ਘੱਟ ਤੋਂ ਘੱਟ 6.5 ਡਿਗਰੀ ਦਰਜ ਕੀਤਾ ਗਿਆ ਹੈ। ਬਠਿੰਡਾ ਪੱਟੀ ਅੱਜ ਵੀ ਸੰਘਣੀ ਧੁੰਦ 'ਚ ਘਿਰੀ ਰਹੀ ਅਤੇ ਸੀਤ ਲਹਿਰ ਤੇਜ਼ ਹੋਣ ਕਾਰਨ ਸਮੁੱਚੇ ਇਲਾਕੇ 'ਚ ਠੰਢ ਦਾ ਕਹਿਰ ਜਾਰੀ ਹੈ ਜਿਸ ਤੋਂ ਰਾਹਤ ਮਿਲਣ ਦੇ ਵੀ ਆਸਾਰ ਨਜ਼ਰ ਨਹੀਂ ਆ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਗੋਲੀਆਂ ਨਾਲ ਭੁਨਿਆਂ ਨੌਜਵਾਨ


ਬਠਿੰਡਾ 'ਚ ਤਾਂ ਪਿਛਲੇ ਤਿੰਨ ਦਿਨਾਂ ਦੌਰਾਨ ਠੰਢ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ। ਬੀਤੀ ਰਾਤ ਤਾਂ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ ਦੀ ਹਾਲਤ 'ਚ ਸੰਤਪੁਰਾ ਰੋਡ ਤੇ ਡਿੱਗ ਪਿਆ ਜੋ ਪੂਰੀ ਰਾਤ ਪਿਆ ਰਿਹਾ। ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ ਮੌਕੇ ਤੇ ਜਾਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਧਰ ਠੰਢ ਤੋਂ ਬਚਾਅ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ । ਨੌਕਰੀ ਪੇਸ਼ਾ ਅਤੇ ਆਮ ਲੋਕਾਂ ਨੂੰ ਆਪਣੇ ਕੰਮਾਂਕਾਰਾਂ ਤੇ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਹੈ। ਅੱਜ ਸਾਰਾ ਦਿਨ ਸੂਰਜ ਵਿਖਾਈ ਨਹੀਂ ਦਿੱਤਾ ਹੈ। ਬਿਜਲੀ ਦੇ ਹੀਟਰਾਂ ਆਦਿ ਦੀ ਮੰਗ ਅਸਮਾਨੀ ਛੂਹਣ ਲੱਗੀ ਹੈ। ਠੰਢ ਤੋਂ ਇਲਾਵਾ ਸਵੇਰ ਵੇਲੇ ਪੈਂਦੀ ਧੁੰਦ ਵੀ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ ਧੁੰਦ ਕਾਰਨ ਕੋਈ ਹਾਦਸਾ ਨਾ ਵਾਪਰੇ ਇਸ ਲਈ ਸਮਾਜ ਸੇਵੀ ਸੰਸਥਾਵਾਂ ਵੰਲੋਂ ਵਾਹਨਾਂ ਉੱਪਰ ਰਿਫਲੈਕਟਰ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : 5 ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ


ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਸਰਦੀਆਂ ਵਿੱਚ ਧੁੰਦ ਕਾਰਨ ਸੜਕਾਂ ਉਪਰ ਚੱਲਣ ਵਾਲੇ ਚਾਲਕਾਂ ਨੂੰ ਵਿਜੀਬਿਲਟੀ ਨਾ ਦੇ ਬਰਾਬਰ ਹੋਣ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸੇ ਡਰ ਨੂੰ ਦੇਖਦਿਆਂ ਸੁਸਾਇਟੀ ਨੇ ਟੀਮ ਗਠਿਤ ਕਰਕੇ ਵਾਹਨਾਂ ਉਪਰ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚ ਕਿਸਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ

ਦੂਜੇ ਪਾਸੇ ਰਾਤ ਦੀ ਠੰਢ ਵਧਣ ਕਾਰਨ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਹੋਰ ਵੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿਉਂਕਿ ਠੰਢ ਤੋਂ ਬਚਣ ਲਈ ਇਹਨਾਂ ਕੋਲ ਲੋੜੀਂਦੇ ਕੱਪੜੇ ਤੇ ਕੰਬਲ ਵੀ ਨਹੀਂ ਹਨ। ਬੇਸਹਾਰਾ ਲੋਕਾਂ ਨੂੰ ਰਾਹਤ ਪਹੁੰਚਾਈ ਦੇਣ ਲਈ ਸਹਾਰਾ ਜਨ ਸੇਵਾ ਵੱਲੋਂ ਰਜਾਈਆਂ ਅਤੇ ਹੋਰ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।

ਰੈਣ ਬਸੇਰਿਆਂ 'ਚ ਠਹਿਰਨ ਬੇਘਰੇ:

ਕਮਿਸ਼ਨਰ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਜਿਹਨਾਂ ਵਿਅਕਤੀਆਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ ਉਹ ਨਿਗਮ ਦੇ ਰੈਣ ਬਸੇਰਿਆਂ 'ਚ ਰਹਿ ਸਕਦੇ ਹਨ। ਕਮਿਸ਼ਨਰ ਨੇ ਕਿਹਾ ਕਿ ਦੋ ਰੈਣ ਬਸੇਰੇ ਜਿਹਨਾਂ 'ਚੋਂ ਇੱਕ ਅਮਰੀਕ ਸਿੰਘ ਰੋਡ ਅਤੇ ਦੂਸਰਾ ਨਗਰ ਨਿਗਮ ਦਫ਼ਤਰ ਕੋਲ ਹੈ ਜੋ ਸਾਲ ਭਰ ਖੁੱਲ•ੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦਾ ਦੌਰਾ ਕਰ ਕੇ ਬੇਘਰੇ ਵਿਅਕਤੀਆਂ ਨੂੰ ਰੈਣ ਬਸੇਰਿਆਂ 'ਚ ਰਹਿਣ ਲਈ ਪ੍ਰੇਰਿਤ ਕਰਨ ਦੀ ਹਦਾਇਤ ਕੀਤੀ ਗਈ ਹੈ।

 

Have something to say? Post your comment

Subscribe