ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ਼ਾਂਤਾ ਕੁਮਾਰ ਨੇ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆੜ੍ਹਤੀਆਂ ਤੋਂ ਪੈਸਾ ਮਿਲਾ ਰਿਹਾ ਹੈ ਅਤੇ ਇਹ ਅੰਦੋਲਨ ਤੇਜ਼ੀ ਨਾਲ ਅਤਿਵਾਦੀ ਗੁਟਾਂ ਸਮੇਤ ਗ਼ਲਤ ਹੱਥਾਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਅਤੇ ਸਰਕਾਰ ਨੂੰ ਅਜਿਹੇ ਤੱਤਾਂ ਤੋਂ ਬਚਣ ਅਤੇ ਸਾਵਧਾਨ ਰਹਿਣ ਦੀ ਸਲਾਹ ਦਿਤੀ ਹੈ।
ਕੁਮਾਰ ਨੇ ਕਿਹਾ, ''ਇਹ ਦੁੱਖ ਵਾਲੀ ਗੱਲ ਹੈ ਕਿ ਮੰਤਰੀਆਂ ਨਾਲ ਹੋਈ ਕਈ ਦੌਰ ਦੀ ਗੱਲਬਾਤ ਅਤੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਕਿਸਾਨਾਂ ਦਾ ਅੰਦੋਲਨ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਨਾਜ਼ੁਕ ਦੌਰ 'ਚ ਪਹੁੰਚ ਗਿਆ ਹੈ ਕਿਉਂਕਿ ਕੁੱਝ ਗ਼ਲਤ ਤੱਤ ਇਸ ਨਾਲ ਜੁੜ ਗਏ ਹਨ ਅਤੇ ਕੁੱਝ ਸ਼ੱਕੀ ਗ਼ੈਰ ਸਰਕਾਰੀ ਸੰਗਠਨਾਂ ਵਲੋਂ ਇਸ ਲਈ ਪੈਸਾ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਅੰਨ੍ਹੇ ਪਿਤਾ ਨੇ ਧੀ ਦੀ ਇੱਜ਼ਤ ਕੀਤੀ ਤਾਰ ਤਾਰ
ਕੁਮਾਰ ਨੇ ਕਿਹਾ, ''ਅੰਦੋਲਨ ਦੀ ਅਗਵਾਈ ਹੁਣ ਖੇਤ 'ਚ ਕੰਮ ਕਰਨ ਵਾਲੇ ਕਿਸਾਨਾਂ ਦੇ ਹੱਥ 'ਚ ਨਹੀਂ ਹੈ। ਅੰਦੋਲਨ ਨੂੰ ਹੁਣ ਪੰਜਾਬ ਦੇ ਆਗੂ ਚਲਾ ਰਹੇ ਹਨ।'' ਵਿਰੋਧ ਪ੍ਰਦਰਸ਼ਨ 'ਚ ਕਥਿਤ ਤੌਰ 'ਤੇ ਆੜ੍ਹਤੀਆਂ ਦੀ ਭੂਮਿਕਾ ਨੂੰ ਸਮਝਦੇ ਹੋਏ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਅਨਾਜ ਦਾ ਉਤਪਾਦਨ ਬਹੁਤ ਜਿਆਦਾ ਹੈ ਅਤੇ ਭਾਰਤੀ ਫ਼ੂਡ ਨਿਗਮ ਵਲੋਂ ਇਸ ਦੀ ਖ਼ਰੀਦ ਤੋਂ ਟੈਕਸ ਅਤੇ ਆੜ੍ਹਤੀਆਂ ਦੀ ਫ਼ੀਸ ਵਜੋਂ ਹਰ ਸਾਲ ਪੰਜ ਹਜ਼ਾਰ ਕਰੋੜ ਰੁਪਏ ਹਾਸਲ ਹੁੰਦੇ ਹਨ।
ਉਨ੍ਹਾਂ ਕਿਹਾ, ''ਨਵੇਂ ਕਾਨੂੰਨਾਂ ਨਾਲ ਕਿਸਾਨ ਅਪਣੀ ਫ਼ਸਲ ਦੇਸ਼ ਭਰ 'ਚ ਕਿਤੇ ਵੀ ਵੇਚ ਸਕਣਗੇ ਅਤੇ ਇਸ ਨਾਲ ਆੜ੍ਹਤੀਆਂ ਦੀ ਆਮਦਨ ਬਹੁਦ ਘੱਟ ਹੋ ਜਾਵੇਗੀ।'' ਉਨ੍ਹਾਂ ਕਿਹਾ, ''ਇਹ ਹੀ ਕਾਰਨ ਹੈ ਕਿ ਪੰਜਾਬ ਦੇ ਵਿਚੋਲੀਏ ਲੋਕਾਂ ਨੂੰ ਧਰਨੇ 'ਤੇ ਬੈਠਣ ਲਈ ਭੋਜਨ, ਕੰਬਲ, ਰਜ਼ਾਹੀ ਅਤੇ ਕਰੋੜਾਂ ਰੁਪਏ ਦੇ ਰਹੇ ਹਨ।'' ਕੁਮਾਰ ਨੇ ਕਿਹਾ ਕਿ ਦਿੱਲੀ ਦੀ ਸਰਹੱਦਾਂ 'ਤੇ ਇਕ ਅੰਤਰਰਾਸ਼ਟਰੀ ਗ਼ੈਰ ਸਰਕਾਰੀ ਸੰਗਠਨ ਵਲੋਂ ਕਰੋੜਾਂ ਰੁਪਏ ਅਤੇ ਸਾਮਾਨ ਦਿਤਾ ਜਾ ਰਿਹਾ ਹੈ।