ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਭਾਰਤੀ ਮੁੱਕੇਬਾਜ਼ਾਂ ਲਈ ਫ੍ਰੈਂਚਾਈਜ਼ੀ ਅਧਾਰਤ ਲੀਗ ਇਸ ਸਾਲ ਜੁਲਾਈ-ਅਗਸਤ 'ਚ ਸ਼ੁਰੂ ਹੋ ਸਕਦੀ ਹੈ। ਇਸ ਲੀਗ ਨੂੰ ਸ਼ੁਰੂ ਕਰਨ 'ਤੇ 2017 ਤੋਂ ਕੰਮ ਚਲ ਰਿਹਾ ਹੈ। ਬੀ.ਐੱਫ.ਆਈ. ਨੇ 2017 'ਚ ਪੇਸ਼ੇਵਰ ਸ਼ੈਲੀ ਦੀ ਲੀਗ ਦੇ ਕਮਰਸ਼ੀਅਲ ਆਯੋਜਨ ਅਧਿਕਾਰ ਲਈ ਟੈਂਡਰ ਜਾਰੀ ਕੀਤੇ ਸਨ। ਇਸ ਲੀਗ ਦਾ ਅਧਿਕਾਰ ਰੱਖਣ ਵਾਲੀ ਦਿੱਲੀ ਦੀ ਖੇਡ ਮੈਨੇਜਮੈਂਟ ਕੰਪਨੀ ਸਪੋਰਟਸਲਾਈਵ ਦੇ ਪ੍ਰਬੰਧ ਨਿਰਦੇਸ਼ਕ ਅਤੁਲ ਪਾਂਡੇ ਨੇ ਕਿਹਾ, ''ਅਸੀਂ ਚੋਣਾਂ ਖ਼ਤਮ ਹੋਣ ਦੇ ਬਾਅਦ ਇਸ ਦੇ ਆਯੋਜਨ ਦੀ ਕੋਸ਼ਿਸ ਕਰ ਰਹੇ ਹਾਂ। ਇਹ ਆਯੋਜਨ ਜੁਲਾਈ-ਅਗਸਤ 'ਚ ਹੋ ਸਕਦਾ ਹੈ। ਸਪੋਰਟਸਲਾਈਵ ਪਹਿਲਾਂ ਹੀ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਆਯੋਜਨ ਕਰ ਰਿਹਾ ਹੈ। ਟੂਰਨਾਮੈਂਟ 'ਚ ਹਾਲ ਹੀ 'ਚ ਏਸ਼ੀਆਈ ਚੈਂਪੀਅਨ ਬਣੇ ਅਮਿਤ ਪੰਘਾਲ, ਸ਼ਿਵ ਥਾਪਾ ਅਤੇ ਤਜਰਬੇਕਾਰ ਐੱਸ. ਸਰਿਤਾ ਦੇਵੀ ਜਿਹੇ ਭਾਰਤੀ ਮੁੱਕੇਬਾਜ਼ਾਂ ਦੇ ਨਾਲ ਮਿਲ ਕੇ ਇਸ ਦਾ ਆਯੋਜਨ ਕੀਤਾ ਜਾਵੇਗਾ।'' ਪਾਂਡੇ ਨੇ ਕਿਹਾ, ''ਕਾਫੀ ਭਾਰਤੀ ਖਿਡਾਰੀ ਪਹਿਲਾਂ ਹੀ ਲੀਗ ਦੇ ਲਈ ਕਰਾਰ ਕਰ ਚੁੱਕੇ ਹਨ।''