ਫ਼ਿਰੋਜ਼ਪੁਰ, (ਸੱਚੀ ਕਲਮ ਬਿਊਰੋ): ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ ਵਿਚ ਅਕਾਲੀ ਲੀਡਰਸ਼ਿਪ ਨੂੰ ਐਸ.ਆਈ.ਟੀ. ਵੱਲੋਂ ਕਲੀਨ ਚਿੱਟ ਦਿਤੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਤਕ ਅਦਾਲਤ ਵਿਚ ਇਕਹਿਰਾ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦਾ ਵਿਸ਼ਲੇਸ਼ਣ ਗ਼ਲਤ ਢੰਗ ਨਾਲ ਕਰ ਕੇ ਇਸ ਦਾ ਅਰਥ ਇਹ ਕਢਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਅਕਾਲੀ ਬੇਗੁਨਾਹ ਹਨ।
ਫ਼ਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਗਦੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਮੀਡੀਆ ਚੋਣਵੀਂ ਸੂਚਨਾ ਨੂੰ ਤੋੜ-ਮਰੋੜ ਕੇ ਇਸ ਦੇ ਗ਼ਲਤ ਅਰਥ ਕੱਢ ਰਿਹਾ ਹੈ ਜਿਸ ਦਾ ਐਸ.ਆਈ.ਟੀ. ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਐਸ.ਆਈ.ਟੀ. ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੋਇਆ ਹੈ ਕਿ ਇਸ ਮਾਮਲੇ ਵਿਚ ਜਾਂਚ-ਪੜਤਾਲ ਅਜੇ ਚੱਲ ਰਹੀ ਹੈ ਅਤੇ ਇਹ ਪਹਿਲਾਂ ਪੇਸ਼ ਕੀਤੇ ਚਲਾਨ ਜੋ ਕਿ ਇਕ ਪੁਲਿਸ ਅਧਿਕਾਰੀ ਵਿਰੁਧ ਦਰਜ ਕੀਤਾ ਗਿਆ ਹੈ, ਤੋਂ ਇਲਾਵਾ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਮੁੱਖ ਮੰਤਰੀ ਨੇ ਦੁਹਰਾਇਆ ਕਿ ਜਦੋਂ ਇਸ ਮਾਮਲੇ ਵਿਚ ਇਕ ਵਾਰੀ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਇਸ ਵਿਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਅਤੇ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ ਬਾਦਲਾਂ ਜਾਂ ਕਿਸੇ ਹੋਰ ਵਿਧ ਇਸ ਜਾਂ ਹੋਰ ਮਾਮਲਿਆਂ ਵਿੱਚ ਸਿਆਸੀ ਬਦਲਾਖੋਰੀ ਨਹੀਂ ਅਪਣਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਤੋਂ ਸਨੀਲ ਜਾਖੜ ਠੋਕ ਵਜਾ ਕੇ ਜਿੱਤ ਹਾਸਲ ਕਰਨਗੇ ਜਦਕਿ ਭਾਜਪਾ ਵਲੋਂ ਰਾਤੋ-ਰਾਤ ਲਿਆਂਦਾ ਉਮੀਦਵਾਰ ਸੰਨੀ ਦਿਉਲ ਚੋਣਾਂ ਤੋਂ ਬਾਅਦ ਛੂੰ-ਮੰਤਰ ਹੋ ਜਾਵੇਗਾ।