ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਸ਼ਮਸ਼ੇਰ ਸਿੰਘ ਦੂਲੋ ਦੀ ਬਗ਼ਾਵਤ ਦੀਆਂ ਰਿਪੋਰਟਾਂ ਦੌਰਾਨ ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸ੍ਰੀ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫ਼ਾ ਦੇਣ ਲਈ ਆਖਿਆ ਹੈ।
ਦੂਲੋ ਦੀ ਖੁਲ੍ਹੇਆਮ ਬਗ਼ਾਵਤ ਨੇ ਪਾਰਟੀ ਦੇ ਹਿੱਤਾਂ ਨੂੰ ਸੱਟ ਮਾਰੀ,
2007 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੂਲੋ ਕਾਰਨ ਹਾਰੀ ਸੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਦੂਲੋ ਦੀ ਪਤਨੀ ਤੇ ਪੁੱਤਰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਦੂਲੋ ਨੂੰ ਕਾਂਗਰਸ ਪਾਰਟੀ 'ਤੇ ਧੱਬਾ ਕਰਾਰ ਦਿੰਦਿਆਂ ਲਾਲ ਸਿੰਘ ਨੇ ਕਿਹਾ ਕਿ ਉਸ ਦੇ ਜਾਣ ਨਾਲ ਪਾਰਟੀ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਹੈ ਜਿਸ ਦੀ ਪਤਨੀ ਅਤੇ ਪੁੱਤਰ ਆਪ ਵਿਚ ਸ਼ਾਮਲ ਹੋ ਗਏ ਜਦਕਿ ਉਸ ਨੇ ਖ਼ੁਦ ਵੀ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਨਹੀਂ ਕਰੇਗਾ।
ਦੂਲੋ ਨੇ ਮੀਡੀਆ 'ਚ ਦਿਤੇ ਬਿਆਨ ਦਾ ਹਵਾਲਾ ਦਿਤਾ ਗਿਆ ਹੈ ਜਿਸ ਉਹ ਕਹਿ ਰਹੇ ਹਨ ਕਿ ਨਾ ਤਾਂ ਉਸ ਨੂੰ ਇਹ ਪਤਾ ਹੈ ਕਿ ਫ਼ਤਹਿਗੜ੍ਹ• ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੌਣ ਹੈ ਅਤੇ ਨਾ ਹੀ ਉਹ ਉਸ ਲਈ ਪ੍ਰਚਾਰ ਕਰੇਗਾ।
ਲਾਲ ਸਿੰਘ ਨੇ ਕਿਹਾ ਕਿ ਦੂਲੋ ਸਾਲ 1992 ਅਤੇ 1999 ਵਿੱਚ ਬੇਅੰਤ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ 'ਚ ਮੈਂਬਰ ਸਨ ਅਤੇ ਕੈਪਟਨ ਨੇ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿਤੀ ਜਿਸ ਤੋਂ ਉਸ ਨੇ ਜਿੱਤ ਹਾਸਲ ਕੀਤੀ। ਉਸ ਵੇਲੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਪਰ ਇਹ ਹੋਰ ਗੱਲ ਹੈ ਕਿ ਉਹ ਇਸ ਨੂੰ ਸਹਿਜੇ ਹੀ ਭੁੱਲੀ ਬੈਠੇ ਹਨ।
ਲਾਲ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੂੰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਦੂਲੋ ਕਰ ਕੇ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਿਸ ਨੇ ਇਕ ਵਿਸ਼ੇਸ਼ ਭਾਈਚਾਰੇ ਵਿਰੁਧ ਬੁਰਾ-ਭਲਾ ਕਿਹਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਹੁਣ ਉਹ ਅਪਣੇ ਪੁੱਤ ਲਈ ਟਿਕਟ ਭਾਲਦੇ ਸਨ ਅਤੇ ਜਦੋਂ ਇਸ ਲਈ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਨ ਦੀ ਬਜਾਏ ਪਾਰਟੀ ਵਿਰੁਧ ਖੁਲ੍ਹੇਆਮ ਬਗ਼ਾਵਤ ਕਰ ਦਿਤੀ। ਲਾਲ ਸਿੰਘ ਨੇ ਮੰਗ ਕੀਤੀ ਕਿ ਦੂਲੋ ਨੂੰ ਸਿਆਸੀ ਪੈੜਾਂ ਪਾਉਣ ਲਈ ਰਸਤਾ ਦਿਖਾਉਣ ਵਾਲੀ ਪਾਰਟੀ ਵਿਰੁਧ ਭੁਗਤਣ ਦੀ ਬਜਾਏ ਤੁਰਤ ਲਾਂਭੇ ਹੋ ਜਾਣਾ ਚਾਹੀਦਾ ਹੈ।
ਫ਼ੋਟੋ : ਲਾਲ ਸਿੰਘ ਤੇ ਸ਼ਮਸ਼ੇਰ ਸਿੰਘ ਦੂਲੋ।