ਨਰਮੇ ਦੇ ਮੁੱਲ 'ਚ ਕਟੌਤੀ, ਪੰਜਾਬ ਦੇ ਕਿਸਾਨਾਂ ਨਾਲ ਬਦਲਾ ਲੈ ਰਹੀ ਹੈ ਮੋਦੀ ਸਰਕਾਰ : ਮੀਤ ਹੇਅਰ
ਬਠਿੰਡਾ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਨਰਮੇ (ਕਾਟਨ) ਦੇ ਘੱਟੋਂ ਘੱਟ ਸਮਰਥਨ ਮੁੱਲ (ਐਮਐਸਪੀ) 'ਚ ਚੁੱਪ-ਚੁਪੀਤੇ ਕੀਤੀ ਕਟੌਤੀ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਇਸ ਨੂੰ ਕਿਸਾਨੀ ਸੰਘਰਸ਼ ਤੋਂ ਬੌਖਲਾਹਟ 'ਚ ਆ ਕੇ ਬਦਲੇਖ਼ੋਰੀ ਨਾਲ ਉਠਾਇਆ ਕਦਮ ਕਰਾਰ ਦਿੱਤਾ ਹੈ।
ਪਾਰਟੀ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਅਤੇ ਪ੍ਰੋ. ਬਲਜਿੰਦਰ ਕੌਰ ਨੇ ਭਾਰਤੀ ਕਪਾਹ ਨਿਗਮ (ਸੀਸੀਆਈ) ਵੱਲੋਂ ਨਰਮੇ ਦੀ ਐਮਐਸਪੀ 'ਤੇ ਲਗਾਏ ਪ੍ਰਤੀ ਕੁਵਿੰਟਲ 60 ਰੁਪਏ ਦੇ ਗੁਣਵਤਾ ਕਟੌਤੀ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਪਹਿਲਾਂ ਹੀ ਐਮਐਸਪੀ ਤੋਂ ਘੱਟ ਮੁੱਲ ਉੱਤੇ ਖ਼ਰੀਦੇ ਜਾ ਰਹੇ ਨਰਮੇ ਦੀ ਪੂਰੀ ਕੀਮਤ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਮੀਤ ਹੇਅਰ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਮੇਤ ਪੂਰੇ ਦੇਸ਼ ਦਾ ਕਿਸਾਨ ਖੇਤੀ ਬਾਰੇ ਕਾਲੇ ਕਾਨੂੰਨ ਵਾਪਸ ਲੈਣ ਅਤੇ ਫ਼ਸਲਾਂ ਦੀ ਐਮਐਸਪੀ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਲਈ ਆਰ-ਪਾਰ ਦੀ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਨਰਮੇ ਦੀ ਐਮਐਸਪੀ 'ਚ ਕਟੌਤੀ ਕਰ ਦਿੱਤੀ ਹੈ, ਜਦਕਿ ਮਾਲਵੇ ਦੀਆਂ ਮੰਡੀਆਂ 'ਚ ਸੀਸੀਆਈ ਵੱਲੋਂ ਨਰਮੇ ਦੀ ਖਰੀਦ 'ਚੋਂ ਹੱਥ ਖਿੱਚਣ ਕਾਰਨ ਪ੍ਰਾਈਵੇਟ ਵਪਾਰੀ ਪਹਿਲਾਂ ਹੀ ਨਰਮੇ ਲਈ ਨਿਰਧਾਰਿਤ ਐਮਐਸਪੀ ਤੋਂ ਪ੍ਰਤੀ ਕੁਵਿੰਟਲ 1000 ਤੋਂ 1500 ਰੁਪਏ ਘੱਟ ਮੁੱਲ 'ਤੇ ਨਰਮਾ ਖ਼ਰੀਦਿਆ ਜਾ ਰਿਹਾ ਹੈ। ਪ੍ਰੋ. ਬਲਜਿੰਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਕਿਸਾਨਾਂ ਉੱਤੇ ਕੀਤੇ ਜਾ ਰਹੇ ਲੋਕ ਵਿਰੋਧੀ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਭਾਵਨਾ ਛੱਡ ਕੇ ਕਿਸਾਨਾਂ ਦੇ ਮਸਲੇ ਹੱਲ ਕਰੇ।