ਲਾਸ ਐਂਜਲਿਸ, (ਏਜੰਸੀ) : ਕੈਲੀਫੋਰਨੀਆ ਯਹੂਦੀ ਪ੍ਰਾਰਥਨਾ ਸਥਲ ਵਿਚ ਇਕ ਬੰਦੂਕਧਾਰੀ ਨੇ ਅੰਨੇਵਾਹ ਗੋਲੀਆਂ ਚਲਾਇਆਂ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਸੈਨ ਡਿਏਗੋ ਕਾਊਂਟੀ ਦੇ ਸ਼ੇਰਿਫ ਬਿਲ ਗੋਰ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ, '' ਗੋਲੀਬਾਤੀ ਦੌਰਾਨ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੋਲਮਿਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਇਕ ਜ਼ਖ਼ਮੀ ਨੇ ਦਮ ਤੋੜ ਦਿਤਾ ਅਤੇ ਹੋਰ ਤਿੰਨ ਦੀ ਹਾਲਤ ਹੁਣ ਠੀਕ ਹੈ।''
ਉਨ੍ਹਾਂ ਦਸਿਆ ਕਿ ਜ਼ਖ਼ਮਿਆਂ ਵਿਚ ਇਕ ਮਹਿਲਾ ਅਤੇ ਦੋ ਬੱਚੇ ਸ਼ਾਮਲ ਹਨ। ਉਥੇ ਹੀ ਘਟਨਾ ਵਿਚ ਮਾਰੀ ਗਈ ਔਰਤ ਬਹੁਤ ਬਜ਼ੁਰਗ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਸੈਨ ਡਿਏਗੋ ਤੋਂ 19 ਸਾਲਾ ਇਕ ਲੜਕੇ ਨੂੰ ਗੋਲੀਬਾਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚਕਰਤਾ ਉਸਦੀ ਸੋਸ਼ਲ ਮੀਡੀਆ ਗਤੀਵੀਧੀਆਂ ਦੀ ਸਮੀਖਿਆ ਕਰ ਰਹੇ ਹਨ ਅਤੇ ਆਨਲਾਈਨ ਜਾਰੀ ਕੀਤੇ ਗਏ ਇਕ ਖੁੱਲੇ ਪੱਤਰ ਦੀ ਮਾਨਤਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਸਿਨਗੋਗ ਵਿਚ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਸਵੇਰੇ ਕਰੀਬ ਸਾਡੇ ਗਿਆਰਾ ਵਜੇ ਮਿਲੀ। ਗੋਲੀਬਾਰੀ ਇਕ 'ਏ.ਆਰ-15 ਟਾਈਪ' ਰਾਈਫ਼ਲ ਨਾਲ ਕੀਤੀ ਗਈੇ ਸੀ। ਅਮਰੀਕਾ 'ਚ ਗੋਲੀਬਾਰੀ ਦੀ ਕਈ ਘਟਨਾਵਾਂ ਵਿਚ 'ਏ.ਆਰ-15 ਦੀ ਵਰਤੋਂ ਕੀਤੀ ਗਈੇ ਹੈ।
ਗੋਰ ਨੇ ਦਸਿਆ ਕਿ ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਇਕ ਗਸ਼ਤ ਅਧਿਕਾਰੀ ਨੇ ਸ਼ੱਕੀ 'ਤੇ ਗੋਲੀ ਚਲਾਈ ਹਾਲਾਂਕਿ ਉਹ ਅਧਿਕਾਰੀ ਉਸ ਸਮੇਂ ਡਿਊਟੀ 'ਤੇ ਨਹੀਂ ਸੀ। ਸੈਨ ਡਿਏਗੋ ਦੇ ਇਕ ਪੁਲਿਸ ਮੁਖੀ ਡੇਵਿਡ ਨਿਸਲੇਈਟ ਨੇ ਦਸਿਆ ਕਿ ਸ਼ੱਕੀ ਨੂੰ ਬਾਅਦ ਵਿਚ ਕੇ-9 ਅਧਿਕਾਰੀ ਨੇ ਫੜਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘਟਨਾ 'ਤੇ ''ਡੂੰਘੀ ਹਮਦਰਦੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਹਾਲੇ ਇਹ ਨਫਰਤੀ ਅਪਰਾਧ ਲੱਗ ਰਿਹਾ ਹੈ। ਪ੍ਰਭਾਵਿਤ ਲੋਕਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ ਅਤੇ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰਾਂਗੇ।''