ਨਸ਼ਾ ਖਤਮ ਕਰਨ ਵਾਲੇ ਕੈਪਟਨ ਖ਼ੁਦ ਨਸ਼ਾ ਤਸਕਰਾਂ ਦੇ ਬਣੇ ਰਖਵਾਲੇ
ਚੰਡੀਗੜ੍ਹ : ਬੀਤੇ ਦਿਨੀਂ ਤਰਨਤਾਰਨ ਦੇ ਪੱਟੀ 'ਚ ਕਾਂਗਰਸੀ ਆਗੂਆਂ ਵੱਲੋਂ ਫੜੀ ਸ਼ਰਾਬ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ 'ਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੇ ਨਸ਼ਾ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਖ਼ੁਦ ਨਸ਼ਾ ਵੇਚਣ ਵਾਲਿਆਂ ਦੇ ਰਖਵਾਲੇ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਜੋ ਨਸ਼ਾ ਤਸਕਰੀ ਕਰਨ ਵਾਲੇ ਪਹਿਲਾਂ ਅਕਾਲੀ ਦਲ ਦੀ ਸ਼ਰਨ ਲੈ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਸਨ। ਅੱਜ ਉਨ੍ਹਾਂ ਦਾ ਰਖਵਾਲੇ ਕੈਪਟਨ ਅਮਰਿੰਦਰ ਸਿੰਘ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣੇ ਖੇਤਰ ਨਾਲ ਸਬੰਧਿਤ ਨਸ਼ਾ ਤਸਕਰ ਰਾਣੋ ਦੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨਾਲ ਨਜ਼ਦੀਕੀਆਂ ਜੱਗ ਜ਼ਾਹਿਰ ਹੋਈਆਂ ਹਨ ਅਤੇ ਉਸ ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਦੀ ਸਿੱਧੀ ਭੂਮਿਕਾ ਦੀਆਂ ਖਬਰਾਂ ਵੀ ਆਈਆਂ।
'ਆਪ' ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਸੇਖੋਂ ਭਰਾਵਾਂ ਕੋਲੋਂ ਬਾਹਰਲੇ ਸੂਬੇ ਤੋਂ ਨਜਾਇਜ਼ ਲਿਆਂਦੀ ਗਈ ਸ਼ਰਾਬ ਨੇ ਕਾਂਗਰਸੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ.ਡੀ, ਮੰਤਰੀ ਅਤੇ ਕਾਂਗਰਸੀ ਵਿਧਾਇਕ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਿਚ ਰੁੱਝੇ ਹੋਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਲੱਗੇ ਹੋਏ ਹਨ। ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਮਾਝੇ ਖੇਤਰ ਵਿਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਕੈਪਟਨ ਦੀ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕੈਪਟਨ ਸਰਕਾਰ ਨੂੰ ਲੋਕਾਂ ਦੀਆਂ ਗਈਆਂ ਜਾਨਾਂ ਦੀ ਚਿੰਤਾ ਨਹੀਂ ਹੈ, ਫ਼ਿਕਰ ਸਿਰਫ਼ ਇਹ ਹੈ ਕਿ ਉਹ ਆਪਣੇ ਚਹੇਤਿਆਂ ਦੇ ਕਾਲੇ ਧੰਦੇ ਉੱਤੇ ਪਰਦਾ ਪਾਉਣ ਵਿਚ ਲੱਗੇ ਹੋਏ ਹਨ।