ਅੰਮ੍ਰਿਤਸਰ, (ਬਿਊਰੋ) : ਭਾਰਤ ਤੇ ਅੰਧਵਿਸ਼ਵਾਸ ਦਾ ਅਟੁੱਟ ਰਿਸ਼ਤਾ ਹੈ ਪਰ ਕਈ ਵਾਰ ਇਹ ਅੰਧ ਵਿਸ਼ਵਾਸ ਇਸ ਹੱਦ ਤਕ ਵਧ ਜਾਂਦਾ ਹੈ ਕਿ ਇਸ ਵਿਚ ਫਸਿਆ ਬੰਦਾ ਇਨਸਾਨੀ ਜ਼ਿੰਦਗੀ ਦੀ ਵੀ ਕਦਰ ਨਹੀਂ ਕਰਦਾ। ਤੰਤਰ-ਮੰਤਰ ਦੇ ਨਾਂ 'ਤੇ ਇਕ ਤਾਂਤਰਿਕ ਨੇ 3 ਸਾਲਾਂ ਦੇ ਬੱਚੇ ਨੂੰ ਅਗ਼ਵਾ ਕਰ ਉਸ ਦੀ ਬਲੀ ਦੇ ਦਿਤੀ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਗੁਰੂ ਕੀ ਨਗਰੀ ਦੀ ਹੈ। ਪਰਵਾਰਕ ਮੈਂਬਰਾਂ ਮੁਤਾਬਕ 3 ਸਾਲਾ ਤੇਜਪਾਲ ਗਲੀ 'ਚ ਖੇਡ ਰਿਹਾ ਸੀ ਕਿ ਗੁਆਂਢ 'ਚ ਰਹਿੰਦਾ ਬਿੱਟੂ ਨਾਮ ਦਾ ਵਿਅਕਤੀ ਜੋ ਖ਼ੁਦ ਨੂੰ ਤਾਂਤਰਿਕ ਅਖਵਾਉਂਦਾ ਹੈ। ਉਹ ਬੱਚੇ ਨੂੰ ਅਗ਼ਵਾ ਕਰ ਕੇ ਲੈ ਗਿਆ, ਜਿਸ ਦੀ ਲਾਸ਼ ਅਗਲੇ ਦਿਨ ਇਕ ਨਾਲੇ 'ਚੋਂ ਮਿਲੀ। ਘਰ ਦੇ ਗੁਆਂਢ 'ਚ ਲੱਗੇ ਕੈਮਰੇ ਤੋਂ ਪਤਾ ਲੱਗਾ ਕਿ ਬਿੱਟੂ ਹੀ ਬੱਚੇ ਨੂੰ ਲੈ ਕੇ ਗਿਆ ਹੈ ਤਾਂ ਪੁਲਿਸ ਨੇ ਦੋਸ਼ੀ ਨੂੰ ਜੰਮੂ ਕੋਲੋਂ ਗ੍ਰਿਫ਼ਤਾਰ ਕਰ ਲਿਆ। ਉਧਰ ਪੁਲਿਸ ਨੇ ਮਾਪਿਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਤਲ ਦਾ ਕਾਰਨ ਜਾਨਣ ਦੀ ਗੱਲ ਕਹੀ ਜਾ ਰਹੀ ਹੈ।