ਜਲੰਧਰ : ਜਲੰਧਰ ਸ਼ਹਿਰ ਦੇ ਮਕਸੂਦਾਂ ਖੇਤਰ ਅਧੀਨ ਨੰਦਨਪੁਰ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਵੇਕ ਵਿਹਾਰ, ਮਕਸੂਦਾਂ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਇਕ-ਦੂਜੇ 'ਤੇ ਦੂਸ਼ਣਬਾਜ਼ੀਕਰਨ ਤੋਂ ਇਲਾਵਾ ਨੌਬਤ ਖਿੱਚੋਤਾਣ ਤਕ ਪਹੁੰਚ ਗਈ, ਮਾਮਲਾ ਉਸ ਵੇਲੇ ਵਿਗੜਿਆ ਜਦੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਣਾਉਣ ਲਈ ਜ਼ਿੱਦ ਸ਼ੁਰੂ ਕੀਤੀ ਗਈ। ਨਵ ਨਿਯੁਕਤ ਮੁੱਖ ਸੇਵਾਦਾਰ ਚਰਨਜੀਤ ਸਿੰਘ ਵੱਲੋਂ ਜਦੋਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਕਮੇਟੀ ਮੈਂਬਰਾਂ ਨੂੰ ਸਾਬਤ ਸੂਰਤ ਸਿੰਘ ਹੋਣ ਦੀ ਗੱਲ ਕਹੀ ਗਈ ਤਾਂ ਕੁਝ ਸ਼ਰਾਰਤੀ ਅਨਸਰਾਂ ਨੂੰ ਇਹ ਗੱਲ ਹਾਜ਼ਮ ਨਾ ਹੋਈ ਅਤੇ ਮਾਮਲਾ ਇਕ-ਦੂਜੇ ਦੀ ਹੱਥੋਪਾਈ ਤਕ ਪਹੁੰਚ ਗਿਆ ਬਹੁਤਾਤ ਸਹਿਜਧਾਰੀ ਵਿਅਕਤੀਆਂ ਵੱਲੋਂ ਆਪਣੇ-ਆਪ ਨੂੰ ਕਮੇਟੀ ਮੈਂਬਰ ਚੁਣੇ ਜਾਣ ਲਈ ਵੀ ਜ਼ੋਰ ਲਗਾਇਆ ਗਿਆ। ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਅਖਵਾਉਣ ਵਾਲੀ ਬੀਬੀ ਵੱਲੋਂ ਗੁਰੂ ਕੀ ਫ਼ੌਜ ਨਿਹੰਗ ਸਿੰਘ ਦਾ ਬਾਣਾ ਪਹਿਨਣ ਵਾਲੇ ਨੌਜਵਾਨ ਨੂੰ ਕਮੇਟੀ ਮੈਂਬਰ ਚੁਣੇ ਜਾਣ 'ਤੇ ਭੱਦੇ ਸ਼ਬਦਾਂ 'ਚ ਇਲਜ਼ਾਮ ਲਗਾ ਦਿੱਤਾ ਕਿ ਨਿਹੰਗ ਸਿੰਘ ਦਾ ਬਾਣਾ ਪਹਿਨ ਕੇ ਕੋਈ ਵਿਅਕਤੀ ਕਮੇਟੀ ਮੈਂਬਰ ਨਹੀਂ ਬਣ ਸਕਦਾl ਹਾਲਾਂਕਿ ਨਵ ਨਿਯੁਕਤ ਮੁੱਖ ਸੇਵਾਦਾਰ ਚਰਨਜੀਤ ਸਿੰਘ ਵਲੋਂ ਸੂਝਬੂਝ ਨਾਲ ਇਸ ਸਾਰੇ ਮਾਮਲੇ ਨੂੰ ਸੁਲਝਾ ਕੇ ਨਵੀਂ ਕਮੇਟੀ ਦੀ ਚੋਣ ਕਰਵਾਈ ਗਈl ਨਵੀਂ ਕਮੇਟੀ ਦੀ ਚੋਣ ਹੋਣ ਉਪਰੰਤ ਮਤਾ ਪਾ ਕੇ ਉਸੇ ਵਕਤ ਨੌਜਵਾਨ ਚਰਨਜੀਤ ਸਿੰਘ ਨੂੰ ਮੁੱਖ ਸੇਵਾਦਾਰ , ਵਰਿੰਦਰਪਾਲ ਸਿੰਘ ਨੂੰ ਸਕੱਤਰ ਅਤੇ ਲਵਦੀਪ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ ਜਦਕਿ ਜੱਸਾ ਸਿੰਘ ਬੱਲੀ, ਇੰਦਰਜੀਤ ਸਿੰਘ, ਸਵਿੰਦਰ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ , ਭਜਨ ਸਿੰਘ, ਵਰਿੰਦਰਪਾਲ ਸਿੰਘ, ਸੰਤੋਖ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ, ਉਪਰੰਤ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕਰ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਉਸੇ ਵਕਤ ਮੁੱਖ ਸੇਵਾਦਾਰ ਚਰਨਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਗੱਤਕਾ ਅਤੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਪ੍ਰਤੀ ਉਪਰਾਲਾ ਕਰਦਿਆਂ ਬੱਚਿਆਂ ਲਈ ਕੀਰਤਨ ਅਤੇ ਗੁਰਮਤਿ ਦੀ ਸਿਖਲਾਈ ਭੇਟਾ ਰਹਿਤ ਪ੍ਰਬੰਧ ਕਰਨ ਦਾ ਐਲਾਨ ਕੀਤਾ l