ਨਵੀਂ ਦਿੱਲੀ : ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਫਿਰ ਉਸ ਤੋਂ ਬਾਅਦ ਮੱਧ ਕ੍ਰਮ ਦੀ ਬਿਹਤਰੀਨ ਬੱਲੇਬਾਜ਼ੀ ਨਾਲ ਵੇਲੋਸਿਟੀ ਨੇ ਬੁੱਧਵਾਰ ਨੂੰ ਮਹਿਲਾ ਟੀ-20 ਚੈਲੰਜ ਦੇ ਸ਼ਾਰਜਾਹ ਵਿਚ ਖੇਡੇ ਗਏ ਉਦਘਾਟਨੀ ਮੁਕਾਬਲੇ ਵਿਚ ਪਿਛਲੀ ਵਾਰ ਦੀ ਚੈਂਪੀਅਨ ਸੁਪਰਨੋਵਾਜ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ (3/22), ਆਫ ਸਪਿੰਨਰ ਲੇਘ ਕਾਸਪੇਰੇਕ (2/23) ਤੇ ਤੇਜ਼ ਗੇਂਦਬਾਜ਼ ਜਹਾਂਆਰਾ ਆਲਮ (2/27) ਦੀ ਗੇਂਦਬਾਜ਼ੀ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੁਪਰਨੋਵਾਜ ਦੀ ਟੀਮ ਤੈਅ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 126 ਦੌੜਾਂ ਹੀ ਬਣਾ ਸਕੀ। ਸੁਪਰਨੋਵਾਜ ਵੱਲੋਂ ਚਮਾਰੀ ਅਟਾਪੱਟੂ ਨੇ 39 ਗੇਂਦਾਂ 'ਤੇ ਦੋ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰਰੀਤ ਕੌਰ ਨੇ 27 ਗੇਂਦਾਂ 'ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਸੁਨ ਲੂਸ (ਅਜੇਤੂ 37) ਤੇ ਸੁਸ਼ਮਾ ਵਰਮਾ (34) ਦੀਆਂ ਬਿਹਤਰੀਨ ਪਾਰੀਆਂ ਦੀ ਮਦਦ ਨਾਲ ਵੇਲੋਸਿਟੀ ਨੇ 19.5 ਓਵਰਾਂ ਵਿਚ ਪੰਜ ਵਿਕਟਾਂ 'ਤੇ 129 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਸੁਨ ਲੂਸ ਨੇ ਆਪਣੀ 21 ਗੇਂਦਾਂ ਦੀ ਪਾਰੀ ਵਿਚ ਚਾਰ ਚੌਕੇ ਤੇ ਇਕ ਛੱਕਾ ਲਾਇਆ ਜਦਕਿ ਸੁਸ਼ਮਾ ਵਰਮਾ ਨੇ 33 ਗੇਂਦਾਂ 'ਤੇ ਦੋ ਛੱਕੇ ਲਾਏ। ਲੂਸ ਨੂੰ ਪਲੇਅਰ ਆਫ ਦ ਮੈਚ ਐਲਾਨਿਆ ਗਿਆ। ਇਸ ਮੈਚ ਵਿਚ ਵੇਲੋਸਿਟੀ ਦੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਸੁਪਨੋਵਾਜ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।