ਜਲੰਧਰ, (ਸੱਚੀ ਕਮਲ ਬਿਊਰੋ): ਜਦੋਂ ਤੋਂ ਪੰਜਾਬ ਅੰਦਰ ਨਾਮਜ਼ਦਗੀਆਂ ਭਰਨ ਦੀਆਂ ਤਾਰੀਕਾਂ ਦਾ ਐਲਾਨ ਹੋਇਆ ਹੈ, ਉਦੋਂ ਤੋਂ ਲਗਾਤਾਰ ਉਮੀਦਵਾਰ ਅਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰ ਰਹੇ ਹਨ। ਇਸੇ ਲੜੀ ਵਿਚ ਅਕਾਲੀ-ਭਾਜਪਾ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਵੀ ਅਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਦੇ ਆਗੂ ਤੇ ਵਰਕਰ ਬਰਲਟਨ ਪਾਰਕ ਵਿਚ ਇਕੱਤਰ ਹੋਏ। ਉਥੋਂ ਗੱਡੀਆਂ ਦੇ ਵੱਡੇ ਕਾਫ਼ਲੇ ਦੇ ਰੂਪ ਵਿਚ ਡਾ. ਅਟਵਾਲ ਸਥਾਨਕ ਅਕਾਲੀ-ਭਾਜਪਾ ਲੀਡਰਸ਼ਿਪ, ਵਰਕਰਾਂ ਤੇ ਹਮਾਇਤੀਆਂ ਨਾਲ ਡੀਸੀ ਦਫਤਰ ਪੁੱਜੇ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬਲਦੇਵ ਸਿੰਘ ਖਹਿਰਾ ਆਦਿ ਮੌਜੂਦ ਸਨ। ਜਦੋਂ ਅਟਵਾਲ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕਾਗ਼ਜ਼ ਭਰਨ ਗਏ, ਉਸੇ ਵੇਲੇ ਡੈਮੋਕਰੇਟਿਕ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਅਪਣੇ ਸਮਰਥਕਾਂ ਨਾਲ ਪਹੁੰਚ ਗਏ ਜਿਥੇ ਦੋਹਾਂ ਪਾਸਿਆਂ ਤੋਂ ਵਰਕਰਾਂ ਨੇ ਅਪਣੇ-ਅਪਣੇ ਉਮੀਦਵਾਰਾਂ ਦੇ ਹੱਕ 'ਚ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ।