ਚੰਡੀਗੜ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਆਪਣੀ ਵਿਆਜ ਮੁਆਫ਼ੀ ਯੋਜਨਾ ਵਿਚੋਂ ਕਿਸਾਨੀ ਕਰਜ਼ਿਆਂ ਨੂੰ ਬਾਹਰ ਰੱਖ ਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰੀ ਫਿਰ ਨੰਗਾ ਕਰ ਲਿਆ ਹੈ। ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਭੋਰਾ ਵੀ ਸ਼ੱਕ ਨਹੀਂ ਰਹਿ ਗਿਆ ਕਿ ਪ੍ਰਧਾਨ ਮੋਦੀ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਕਿਸਾਨ, ਮਜ਼ਦੂਰ ਅਤੇ ਗਰੀਬ ਵਿਰੋਧੀ ਫੈਸਲੇ ਕਰ ਰਹੇ ਹਨ।
ਸ. ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਕਾਰਪੋਰੇਟ ਘਰਾਣਿਆਂ ਨੂੰ ਅੱਠ ਲੱਖ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਿੱਤੀ ਹੈ ਜਦੋਂ ਕਿ ਕਰਜ਼ੇ ਦੇ ਬੋਝ ਹੇਠ ਦੱਬ ਕੇ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਕਿਸਾਨਾਂ ਦਾ ਇੱਕ ਪੈਸਾ ਵੀ ਮੁਆਫ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਅਜੋਕੀ ਵਿਆਜ਼ ਮੁਆਫ਼ੀ ਯੋਜਨਾ ਵਿਚੋਂ ਕਿਸਾਨਾਂ ਨੂੰ ਬਾਹਰ ਰੱਖ ਕੇ ਸਮਾਜ ਦੇ ਸਭ ਤੋਂ ਵੱਧ ਲੋੜਵੰਦ ਤਬਕੇ ਦਾ ਗਲ ਘੁੱਟਿਆ ਹੈ।
ਭਾਰਤੀ ਜਨਤਾ ਪਾਰਟੀ ਨੂੰ ਕਾਰਪੋਰੇਟ ਘਰਾਣਿਆਂ ਅਤੇ ਧਨਾੜ ਵਪਾਰੀਆਂ ਦੀ ਜਮਾਤ ਕਰਾਰ ਦਿੰਦਿਆਂ, ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਕਿਸਾਨਾਂ, ਮਜ਼ਦੁਰਾਂ ਅਤੇ ਗਰੀਬ ਤਬਕੇ ਦੀ ਵਫ਼ਾਦਾਰ ਹੈ ਜਿਸ ਨੇ ਹਮੇਸ਼ਾ ਹੀ ਇਹਨਾਂ ਦਾ ਭਲਾ ਸੋਚਿਆ ਹੈ। ਉਹਨਾਂ ਯਾਦ ਕਰਾਇਆ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਸਾਨਾਂ ਦਾ 71, 000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਸੀ। ਸ. ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਛੱਡੀ ਗਈ ਪੰਜਾਬ ਦੀ ਅਤਿ ਮਾੜੀ ਵਿੱਤੀ ਹਾਲਤ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਕਰੀਬਨ 10, 000 ਕਰੋੜ ਰੁਪਏ ਦੇ ਕਿਸਾਨੀ ਕਰਜ਼ੇ ਮੁਆਫ਼ ਕੀਤੇ ਹਨ।
ਸ. ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਤੋਂ ਬਾਅਦ ਇੱਕ ਕਿਸਾਨ-ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਮੁਲਕ ਨੂੰ ਮੁੜ ਭੁੱਖਮਰੀ ਦੇ ਦੌਰ ਵਿੱਚ ਧੱਕਣਾ ਚਾਹੁੰਦੀ ਹੈ ਜਿਸ ਵਿਚੋਂ ਇਸ ਨੂੰ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿੱਟੀ, ਪੌਣ-ਪਾਣੀ ਅਤੇ ਆਪ ਨੂੰ ਤਬਾਹ ਕਰ ਕੇ ਕੱਢਿਆ ਸੀ। ਉਹਨਾਂ ਕਿਹਾ ਕਿ ਖੇਤੀ ਸੁਧਾਰਾਂ ਦੇ ਨਾਂਅ ਉੱਤੇ ਬਣਾਏ ਗਏ ਨਵੇਂ ਕਾਨੂੰਨ, ਤਜਵੀਜਤ ਬਿਜਲੀ ਕਾਨੂੰਨ ਅਤੇ ਹਾਲ ਹੀ ਵਿਚ ਜਾਰੀ ਕੀਤਾ ਗਿਆ ਹਵਾ ਪ੍ਰਦੂਸ਼ਣ ਰੋਕੂ ਆਰਡੀਨੈਂਸ ਮੁਲਕ ਨੂੰ ਭੁੱਖਮਰੀ ਵੱਲ ਧੱਕਣਗੇ। ਇੱਕ ਕੌਮਾਂਤਰੀ ਸਰਵੇਖਣ ਦਾ ਹਵਾਲਾ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਮੁਲਕ ਦੀ 14 ਫੀਸਦੀ ਆਬਾਦੀ ਭੁੱਖਮਰੀ ਦੀ ਸ਼ਿਕਾਰ ਹੈ ਅਤੇ ਇਹ ਗਿਣਤੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਰਵੇਖਣ ਵਿਚ ਸ਼ਾਮਲ 107 ਮੁਲਕਾਂ ਵਿਚੋਂ ਭਾਰਤ ਦਾ ਨੰਬਰ 94ਵੇਂ ਥਾਂ ਉੱਤੇ ਹੈ ਜਦੋਂ ਕਿ ਪਾਕਿਸਤਾਨ, ਬੰਗਲਾ ਦੇਸ਼ ਅਤੇ ਸ੍ਰੀ ਲੰਕਾ ਵਰਗੇ ਮੁਲਕਾਂ ਦੀ ਸਥਿਤੀ ਵੀ ਭਾਰਤ ਤੋਂ ਕਿਤੇ ਬਿਹਤਰ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਕਿਸਾਨ ਵਿਰੋਧੀ ਫੈਸਲੇ ਮੁਲਕ ਦੇ ਕਰੋੜਾਂ ਗਰੀਬ ਲੋਕਾਂ ਦੇ ਮੂੰਹ ਵਿਚੋਂ ਰੋਟੀ ਖੋਹਣ ਦਾ ਕਾਰਨ ਬਣਨਗੇ। ਮੋਦੀ ਸਰਕਾਰ ਵਲੋਂ ਪੰਜਾਬ ਨਾਲ ਵਿੱਢੇ ਬੇਲੋੜੇ ਟਕਰਾਅ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਮੁੜ ਅਤਿਵਾਦ ਦੀ ਭੱਠੀ ਵਿਚ ਝੋਕ ਕੇ ਆਪਣਾ ਰਾਜਸੀ ਉੱਲੂ ਸਿੱਧਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਮੰਤਰੀਆਂ ਵਲੋਂ ਆਪਣੀ ਹੋਂਦ ਬਚਾਉਣ ਲਈ ਧਰਨਿਆਂ ਉੱਤੇ ਬੈਠੇ ਕਿਸਾਨਾਂ ਨੂੰ ਕਦੇ ਸ਼ਹਿਰੀ ਨਕਸਲੀ, ਕਦੇ ਵਿਚੋਲੀਏ ਅਤੇ ਕਦੇ ਵਿਹਲੜ ਕਹਿ ਕੇ ਉਕਸਾਇਆ ਅਤੇ ਭੜਕਾਇਆ ਜਾ ਰਿਹਾ ਹੈ। ਮੋਦੀ ਸਰਕਾਰ ਵਲੋਂ ਪੰਜਾਬ ਦਾ ਪੇਂਡੂ ਵਿਕਾਸ ਫੰਡ, ਜੀ.ਐਸ.ਟੀ. ਅਤੇ ਰੇਲਾਂ ਰੋਕਣ ਦੇ ਫੈਸਲੇ ਵੀ ਪੰਜਾਬ ਦਾ ਮਾਹੌਲ ਵਿਗਾੜ ਸਕਦੇ ਹਨ।