ਆਬੂਧਾਬੀ : ਕਿੰਗਜ਼ ਇਲੈਵਨ ਪੰਜਾਬ (KXIP) ਦੇ ਬੱਲੇਬਾਜ਼ ਕ੍ਰਿਸ ਗੇਲ 'ਤੇ ਸ਼ੁੱਕਰਵਾਰ ਨੂੰ ਆਬੂਧਾਬੀ 'ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਜ਼ਾਬਤੇ ਦੇ ਉਲੰਘਣ ਲਈ ਮੈਚ ਫੀਸ ਦਾ 10 ਫ਼ੀ ਸਦੀ ਜੁਰਮਾਨਾ ਲਾਇਆ ਗਿਆ ਹੈ। ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਗੇਲ ਨੂੰ 99 ਰਨ 'ਤੇ ਬੋਲਡ ਕਰ ਦਿੱਤਾ। ਲੀਗ 'ਚ ਆਪਣਾ 7ਵਾਂ ਸੈਂਕੜਾ ਲਾਉਣ 'ਚ ਨਾਕਾਮ ਰਹਿਣ ਤੋਂ ਬਾਅਦ ਗੇਲ ਨੇ ਗੁੱਸੇ 'ਚ ਆ ਕੇ ਬੱਲਾ ਸੁੱਟਾ ਦਿੱਤਾ। ਉਨ੍ਹਾਂ ਨੂੰ IPL ਦੇ ਜ਼ਾਬਤਾ ਦੀ ਧਾਰਾ 1 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਤੇ ਉਨ੍ਹਾਂ ਮੈਚ ਰੈਫਰੀ ਦੁਆਰਾ ਸੁਣਾਈ ਗਈ ਸਜ਼ਾ ਨੂੰ ਮਨਜ਼ੂਰ ਕਰ ਲਿਆ।
ਯੂਨੀਵਰਸਲ ਬੌਸ ਭਾਵ ਕ੍ਰਿਸ ਗੇਲ 41 ਸਾਲ ਦੀ ਉਮਰ 'ਚ ਵੀ ਕਲੀਨ ਹਿੱਟ ਮਾਰਦੇ ਦਿਖੇ। ਉਨ੍ਹਾਂ ਨੇ ਪਹਿਲਾਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਫਿਰ ਉਸ ਦੀ ਗਤੀ ਨਾਲ ਉਹ ਆਪਣੇ ਸੈਂਕੜੇ ਵੱਲ ਵੱਧ ਰਹੇ ਸੀ। ਪੰਜਾਬ ਨੇ ਗੇਲ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਚਾਰ ਵਿਕਟ 'ਤੇ 185 ਸਕੋਰਾਂ ਦਾ ਵੱਡਾ ਸਕੋਰ ਖੜਾ ਕੀਤਾ। ਗੇਲ ਨੇ ਇਸ ਮੈਚ 'ਚ ਅੱਠ ਛੱਕੇ ਮਾਰੇ ਤੇ ਨਾਲ ਹੀ ਉਹ ਟੀ-20 ਕ੍ਰਿਕਟ 'ਚ 1000 ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣੇ। ਇਹ ਉਨ੍ਹਾਂ ਦੀ 31ਵੀਂ ਫਿਫਟੀ ਹੈ।
ਰਾਜਸਥਾਨ ਰਾਇਲਜ਼ ਨੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਦੇ ਹੋਏ ਪੰਜਾਬ ਨੂੰ ਹਰਾ ਦਿੱਤਾ। ਰਾਇਲਜ਼ ਹੁਣ ਪੰਜਵੇਂ ਸਥਾਨ 'ਤੇ ਹੈ ਤੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਇਡਰਜ਼ ਨਾਲ ਉਨ੍ਹਾਂ ਨੇ ਇਸ ਸੀਜ਼ਨ 'ਚ ਲੀਗ ਪੜਾਅ ਦਾ ਆਖਰੀ ਮੈਚ ਖੇਡਣਾ ਹੈ।