ਮੁਹਾਲੀ : ਲੋਕ ਨਿਰਮਾਣ ਵਿਭਾਗ ਦੇ ਐਸਈ ਨੂੰ ਗਮਾਡਾ ਵਿੱਚ ਡੈਪੂਟੇਸ਼ਨ ‘ਤੇ ਤੈਨਾਇਤ ਕਰਨ ਦਾ ਆਮ ਆਦਮੀ ਪਾਰਟੀ ਮੁਹਾਲੀ ਨੇ ਸਖਤ ਨੋਟਿਸ ਲਿਆ ਹੈ। ਮੁਹਾਲੀ ਹਲਕੇ ਤੋਂ ਸਰਗਰਮ ਆਗੂ ਗੁਰਤੇਜ ਸਿੰਘ ਪੰਨੂ ਦੀ ਅਗਵਾਈ ਹੇਠ ਪੁੱਡਾ ਮੰਤਰੀ ਨੂੰ ਮੰਗ ਪੱਤਰ ਦੇ ਕੇ ਉਕਤ ਅਧਿਕਾਰੀ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਤੇਜ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਵਲੋਂ ਗਮਾਡਾ ਵਿੱਚ ਆਰ ਕੇ ਕਟਨੌਰੀਆ ਨਾਮ ਦੇ ਇੱਕ ਐੱਸ ਈ ਨੂੰ ਲੋਕ ਨਿਰਮਾਣ ਵਿਭਾਗ ਤੋਂ ਬੁਲਾ ਕੇ ਡੈਪੂਟੇਸ਼ਨ ਤੇ ਤੈਨਾਤ ਕੀਤਾ ਗਿਆ ਹੈ ਅਤੇ ਉਸਨੂੰ ਬੇਹਿਸਾਬ ਤਾਕਤਾਂ ਦਿੱਤੀਆਂ ਹਨ, ਜਿਵੇਂ ਕਿ ਅਕਾਲੀ ਸਰਕਾਰ ਵੇਲੇ ਪਹਿਲਵਾਨ ਦੇ ਨਾਮ ਤੇ ਮਸ਼ਹੂਰ ਇੱਕ ਅਧਿਕਾਰੀ ਨੂੰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਿਸ ਦੇ ਵਿਰੋਧ ਵੱਜੋਂ ਮੰਗ ਪੱਤਰ ਰਾਹੀਂ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ 15 ਦਿਨ ਦੇ ਵਿੱਚ ਵਿੱਚ ਗਮਾਡਾ ਵਿੱਚ ਤੈਨਾਤ ਕੀਤੇ ਇਸ ਅਧਿਕਾਰੀ ਨੂੰ ਵਾਪਸ ਨਾ ਭੇਜਿਆ ਤਾਂ ਆਮ ਆਦਮੀ ਪਾਰਟੀ ਵਲੋਂ ਇਸ ਦੇ ਵਿਰੁੱਧ ਮੋਰਚਾ ਲਗਾਇਆ ਜਾਵੇਗਾ।