ਐਸ.ਏ.ਐਸ. ਨਗਰ, (ਸੱਚੀ ਕਲਮ ਬਿਊਰੋ) : ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 26 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਵਿਰੁਧ ਦੋਸ਼ ਤੈਅ ਕੀਤੇ ਹਨ ਜਦਕਿ ਇਕ ਸੇਵਾ ਮੁਕਤ ਐਸ.ਪੀ ਗੁਰਸ਼ਰਨ ਸਿੰਘ ਨੂੰ ਕੇਸ 'ਚੋਂ ਡਿਸਚਾਰਜ ਕੀਤਾ ਗਿਆ ਹੈ। ਇਹ ਮਾਮਲਾ ਤਰਨ ਤਾਰਨ ਇਲਾਕੇ ਵਿਚ 1993 ਵਿਚ ਹੋਏ ਝੂਠੇ ਪੁਲਿਸ ਮੁਕਾਬਲੇ ਨਾਲ ਸਬੰਧਤ ਹੈ। ਉਸ ਵੇਲੇ ਗੁਰਸ਼ਰਨ ਸਿੰਘ ਤਰਨ ਤਾਰਨ ਥਾਣੇ ਦਾ ਐਸ.ਐਚ.ਓ ਸੀ। ਇਸ ਮਾਮਲੇ ਵਿਚ ਸੀ.ਆਈ.ਏ ਇੰਸਪੈਕਟਰ ਸੰਤ ਕੁਮਾਰ, ਤਤਕਾਲੀ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਸਬ ਇੰਸਪੈਕਟਰ ਸਮਸ਼ੇਰ ਸਿੰਘ, Â.ੇਐੱਸ.ਆਈ ਦਵਿੰਦਰ ਸਿੰਘ, ਗੋਪਾਲ, ਗੁਰਨਾਮ ਸਿੰਘ, ਹੌਲਦਾਰ ਇਕਬਾਲ ਸਿੰਘ, ਸਿਪਾਹੀ ਗੁਰਜੰਟ ਸਿੰਘ, ਗੁਰਸੇਵਕ ਸਿੰਘ, ਗੁਲਜ਼ਾਰਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਬ੍ਰਹਮ ਦਾਸ, ਸੁਰਜੀਤ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਐਸਪੀਓ ਜਸਪਾਲ ਸਿੰਘ, ਨਰਿੰਦਰਪਾਲ ਸਿੰਘ, ਗੁਰਬਚਨ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਗੁਰਪ੍ਰਤਾਪ ਸਿੰਘ (17 ਸਾਲ) ਪੁੱਤਰ ਕੰਵਰਜੀਤ ਸਿੰਘ ਵਾਸੀ ਪਿੰਡ ਵਾਲੀਪੁਰ (ਤਰਨ ਤਾਰਨ) ਨੂੰ ਘਰੋਂ ਚੁੱਕ ਲਿਆ ਸੀ। ਗੁਰਪ੍ਰਤਾਪ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਉਸ ਨੂੰ ਝੂਠੇ ਕੇਸ ਵਿਚ ਫ਼ਸਾ ਕੇ ਕਈ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ ਸੀ। ਪੁਲਿਸ ਨੇ ਉਸ ਨੂੰ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ।