ਪੰਜਾਬ 'ਚ ਜੰਗਲ ਰਾਜ ਲਈ ਮੁੱਖਮੰਤਰੀ ਅਮਰਿੰਦਰ ਸਿੰਘ ਜ਼ਿੰਮੇਵਾਰ- ਸਰਬਜੀਤ ਕੌਰ ਮਾਣੂੰਕੇ
ਚੰਡੀਗੜ : ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਜਲਾਲਪੁਰ 'ਚ 6 ਸਾਲਾ ਮਾਸੂਮ ਬੱਚੀ ਨਾਲ ਹੋਈ ਦਰਿੰਦਗੀ ਨੂੰ ਸਰਕਾਰ ਅਤੇ ਸਮਾਜ ਦੇ ਮੱਥੇ 'ਤੇ ਕਲੰਕ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੀਆਂ ਮਹਿਲਾਂ ਵਿਧਾਇਕਾਵਾਂ ਨੇ ਕਿਹਾ ਕਿ ਜੰਗਲ ਰਾਜ ਕਾਰਨ ਅਪਰਾਧੀ ਮਾਨਸਿਕਤਾ ਵਾਲੇ ਮਾੜੇ ਅਨਸਰਾਂ ਦੇ ਮਨ 'ਚ ਕਾਨੂੰਨ ਵਿਵਸਥਾ ਦਾ ਕੋਈ ਡਰ ਭੈਅ ਨਹੀਂ। ਅਜਿਹੀ ਸਥਿਤੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਪੂਰੀ ਤਰਾਂ ਜ਼ਿੰਮੇਵਾਰ ਹਨ, ਜਿੰਨਾ ਨੇ ਨਾ ਕਾਬਲੀਅਤ ਹੋਣ ਦੇ ਬਾਵਜੂਦ ਗ੍ਰਹਿ ਮੰਤਰਾਲਾ ਵੀ ਖ਼ੁਦ ਹੀ ਕਬਜਾਇਆ ਹੋਇਆ ਹੈ।
ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ। ਪੁਲਿਸ ਪ੍ਰਸ਼ਾਸਨ ਦੇ ਕੰਮਾਂ ਚ ਸੱਤਾਧਾਰੀਆਂ ਦੀ ਲੋੜੋਂ ਵੱਧ ਦਖ਼ਲ ਅੰਦਾਜ਼ੀ ਅਤੇ ਬੇਕਾਬੂ ਭ੍ਰਿਸ਼ਟਾਚਾਰ ਨੇ ਸਭ ਕੁੱਝ ਤਹਿਸ ਨਹਿਸ ਕਰ ਛੱਡਿਆ ਹੈ। ਹਰ ਪਾਸੇ ਸਹਿਮ ਦਾ ਮਾਹੌਲ ਹੈ। ਸਿਰਫ਼ ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ, ਪ੍ਰੰਤੂ ਸਿਸਵਾਂ ਸਥਿਤ ਸ਼ਾਹੀ ਫਾਰਮ ਹਾਊਸ 'ਚ ਮਸਤ ਮਹਾਰਾਜੇ ਨੂੰ ਨਾਂ ਕਿਸੇ ਮਾਸੂਮ ਬੱਚੀਆਂ ਦੀਆਂ ਚੀਕਾਂ ਸੁਣਦੀਆਂ ਹਨ ਨਾਂ ਹੀ ਇਨਸਾਫ਼ ਲਈ ਕੁਰਲਾਉਂਦੇ ਮਾਪਿਆਂ ਦੀਆਂ ਗੁਹਾਰਾਂ-ਫਰਿਆਦਾਂ ਸੁਣਾਈ ਦਿੰਦੀਆਂ ਹਨ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਬਾਦਲਾਂ ਦੇ ਰਾਜ ਵਾਂਗ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੌਰਾਨ ਅਪਰਾਧੀ ਘਟਨਾਵਾਂ ਘਟਣ ਦੀ ਥਾਂ ਵੱਧ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਸਾਲ 2018-19 ਦੌਰਾਨ ਪੰਜਾਬ ਚ ਬਲਾਤਕਾਰ ਦੇ 5058 ਕੇਸ ਦਰਜ਼ ਹੋਏ ਪ੍ਰੰਤੂ ਇਨਸਾਫ਼ ਕੇਵਲ 30 ਪ੍ਰਤੀਸ਼ਤ ਪੀੜਤਾਂ ਨੂੰ ਮਿਲਿਆ, ਬਾਕੀ 70 ਪ੍ਰਤੀਸ਼ਤ ਪੀੜਤਾਂ ਇਨਸਾਫ਼ ਲਈ ਦਰ ਦਰ ਭਟਕ ਰਹੀਆਂ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਟਾਂਡਾ ਦੀ ਇਸ ਘਟਨਾ ਬਾਰੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਹਵਾਲੇ ਨਾਲ ਕੀਤੀ 'ਪਿਕਨਿਕ' ਵਾਲੀ ਟਿੱਪਣੀ ਨੂੰ ਸੌੜੀ ਸਿਆਸਤ ਦਾ ਸਿਖਰ ਅਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਨਿਰਮਲਾ ਸੀਤਾਰਮਨ ਕੋਲੋਂ ਟਾਂਡਾ ਜਾਂ ਹਾਥਰਸ ਵਰਗੀਆਂ ਘਟਨਾਵਾਂ ਲਈ ਸੰਵੇਦਨਸ਼ੀਲਤਾ ਦੀ ਉਮੀਦ ਕਰਨੀ ਬਣਦੀ ਹੈ, ਪ੍ਰੰਤੂ ਕੇਂਦਰੀ ਵਿੱਤ ਮੰਤਰੀ ਨੇ ਬੇਹੱਦ ਨਿਰਾਸ਼ਾਜਨਕ ਟਿੱਪਣੀ ਕੀਤੀ ਹੈ, ਜਿਸ ਨੂੰ ਵਾਪਿਸ ਲੈ ਕੇ ਉਨ੍ਹਾਂ (ਸੀਤਾਰਮਨ) ਨੂੰ ਦੇਸ਼ ਭਰ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਮਾਸੂਮ ਬੱਚੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 'ਆਪ' ਦੀਆਂ ਮਹਿਲਾਂ ਆਗੂਆਂ ਨੇ ਮੰਗ ਕੀਤੀ ਕਿ ਹਰ ਫ਼ਰੰਟ ਤੇ ਬੁਰੀ ਤਰਾਂ ਫ਼ੇਲ੍ਹ ਅਮਰਿੰਦਰ ਸਿੰਘ ਨੂੰ ਤੁਰੰਤ ਮੁੱਖ ਮੰਤਰੀ ਦੀ ਗੱਦੀ ਤੋਂ ਅਸਤੀਫਾ ਦੇ ਦਣਾ ਚਾਹੀਦਾ ਹੈ।