'ਆਪ' ਵੱਲੋਂ ਗੁੱਜਰ ਅਤੇ ਬਾਜ਼ੀਗਰ ਭਾਈਚਾਰੇ ਨੂੰ ਵੀ ਮਾਲਕਾਨਾ ਹੱਕ ਦੇਣ ਦੀ ਮੰਗ
ਚੰਡੀਗੜ੍ਹ : ਵਿਧਾਨ ਸਭਾ 'ਚ ਹੋਈ ਗਰਮਾ-ਗਰਮੀ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਸਪੀਕਰ ਵਿਰੁੱਧ ਕੋਈ ਭੱਦੀ ਸ਼ਬਦਾਵਲੀ ਨਹੀਂ ਸੱਚੀ ਸ਼ਬਦਾਵਲੀ ਵਰਤੀ ਹੈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਿਸ ਸਮੇਂ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ 'ਤੇ ਪਾਰਟੀ ਵਿਧਾਇਕ ਅਮਨ ਅਰੋੜਾ ਨੂੰ ਮਾਨਯੋਗ ਸਪੀਕਰ ਵੱਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ (ਚੀਮਾ) ਸਪੀਕਰ ਸਾਹਿਬ ਨੂੰ ਸ਼ਿਕਵਾ ਜ਼ਾਹਿਰ ਕੀਤਾ ਕਿ ਉਹ (ਸਪੀਕਰ) ਕਾਂਗਰਸ ਦੇ ਬੁਲਾਰੇ ਵਜੋਂ ਪਵਿੱਤਰ ਸਦਨ ਨੂੰ 'ਕਾਂਗਰਸ ਭਵਨ' ਵਾਂਗ ਨਾ ਵਰਤਣ। ਇਨ੍ਹਾਂ ਸ਼ਬਦਾਂ ਨੂੰ ਕਿਸੇ ਵੀ ਲਿਹਾਜ਼ ਤੋਂ ਭੱਦੀ ਸ਼ਬਦਾਵਲੀ ਨਹੀਂ ਕਿਹਾ ਜਾ ਸਕਦਾ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਪੀਕਰ ਵੱਲੋਂ ਨਿਰਪੱਖ ਭੂਮਿਕਾ ਨਹੀਂ ਨਿਭਾਈ ਗਈ। ਜਿੱਥੇ ਮੀਡੀਆ ਨੂੰ ਸਦਨ ਦੀ ਕਾਰਵਾਈ ਤੋਂ ਦੂਰ ਰੱਖ ਕੇ ਪ੍ਰੈੱਸ ਦੀ ਆਜ਼ਾਦੀ ਉੱਤੇ ਹਮਲਾ ਕੀਤਾ ਗਿਆ, ਉੱਥੇ ਲਾਈਵ ਟੈਲੀਕਾਸਟ 'ਚ ਵਿਰੋਧੀ ਧਿਰਾਂ ਅਤੇ ਹੋਰ 'ਨਾਪਸੰਦ' ਵਿਧਾਇਕ ਮੈਂਬਰਾਂ ਦੀ ਇੱਕ ਝਲਕ ਵੀ ਨਹੀਂ ਦਿਖਾਈ ਗਈ। ਚੀਮਾ ਨੇ ਚੁਨੌਤੀ ਦਿੱਤੀ ਕਿ ਸਦਨ ਦੀ ਕਾਰਵਾਈ ਦਾ ਰਿਕਾਰਡ ਸਪੀਕਰ ਕੋਲ ਮੌਜੂਦ ਹੈ ਅਤੇ ਉਹ ਸਾਬਤ ਕਰਨ ਕਿ ਮੇਰੇ ਵੱਲੋਂ ਭੱਦੀ ਜਾਂ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਇਸ ਤੋਂ ਪਹਿਲਾਂ ਚੀਮਾ ਨੇ ਬਾਜ਼ੀਗਰ ਅਤੇ ਜੈ ਸਿੰਘ ਰੋੜੀ ਨੇ ਗੁੱਜਰ ਕਬੀਲੇ ਨੂੰ ਵੀ ਮਾਲਕਾਨਾ ਹੱਕ ਦੇਣ ਦੀ ਜ਼ੋਰਦਾਰ ਮੰਗ ਕੀਤੀ।