ਮੋਗਾ (ਸੱਚੀ ਕਲਮ ਬਿਊਰੋ) : ਫੇਸਬੁੱਕ ਤੇ ਪਿਆਰ ਦਾ ਇਜ਼ਹਾਰ ਤਾਂ ਤੁਸੀ ਕਈ ਵਾਰ ਦੇਖਿਆ ਤੇ ਸੁਣਿਆ ਹੋਵੇਗਾ ਪਰ ਮੋਗਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ 'ਚ ਫੇਸਬੁੱਕ 'ਤੇ ਹੋਏ ਪਿਆਰ ਦਾ ਖੌਫਨਾਕ ਅੰਤ ਹੋਇਆ। ਦਰਅਸਲ, ਮੋਗਾ ਦੇ ਜ਼ੀਰਾ ਰੋਡ ਦੀ ਰਹਿਣ ਵਾਲੀ 21 ਸਾਲਾ ਗੁਰਪ੍ਰੀਤ ਕੌਰ ਨੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਓਮ ਪ੍ਰਕਾਸ਼ ਨਾਲ ਫੇਸਬੁੱਕ 'ਤੇ ਦੋਸਤੀ ਕੀਤੀ ਅਤੇ ਫਿਰ ਪਿਆਰ ਹੋ ਗਿਆ। ਦੋਵਾਂ ਦਾ ਪਿਆਰ ਤਿੰਨ ਸਾਲ ਤੱਕ ਚਲਦਾ ਰਿਹਾ। ਓਮ ਪ੍ਰਕਾਸ਼ ਨੇ ਗੁਰਪ੍ਰੀਤ ਨੂੰ ਦੱਸਿਆ ਕਿ ਉਹ ਯੂ.ਕੇ. ਦਾ ਰਹਿਣ ਵਾਲਾ ਹੈ ਤੇ ਉਸ ਨੂੰ ਵੀ ਆਪਣੇ ਨਾਲ ਯੂ. ਕੇ. ਲੈ ਜਾਵੇਗਾ ਤੇ 6 ਮਹੀਨੇ ਪਹਿਲਾਂ ਹੀ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ, ਜਿਸ ਤੋਂ ਬਾਅਦ ਗੁਰਪ੍ਰੀਤ ਓਮ ਪ੍ਰਕਾਸ਼ ਨੂੰ ਵਾਰ-ਵਾਰ ਯੂ. ਕੇ. ਲੈ ਜਾਣ ਦੀ ਗੱਲ ਆਖਦੀ ਪਰ ਉਹ ਟਾਲ ਜਾਂਦਾ। ਗੁਰਪ੍ਰੀਤ ਦੇ ਪਰਿਵਾਰ ਮੁਤਾਬਕ ਓਮ ਪ੍ਰਕਾਸ਼ ਬੀਤੀ ਰਾਤ ਗੁਰਪ੍ਰੀਤ ਨੂੰ ਮਿਲਣ ਘਰ ਆਇਆ, ਜਦੋਂ ਸਵੇਰੇ ਉਨ੍ਹਾਂ ਦੇਖਿਆ ਤਾਂ ਓਮ ਪ੍ਰਕਾਸ਼ ਮੌਕੇ ਤੋਂ ਫਰਾਰ ਸੀ ਤੇ ਗੁਰਪ੍ਰੀਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਪ੍ਰੀਤ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ ਪਰ ਓਮ ਪ੍ਰਕਾਸ਼ ਨੇ ਉਸ ਦਾ ਤਲਾਕ ਕਰਵਾ ਕੇ ਉਸ ਨਾਲ ਦੂਜਾ ਵਿਆਹ ਕੀਤਾ ਸੀ। ਉਧਰ ਮੌਕੇ 'ਤੇ ਪਹੁੰਚੇ ਮੋਗਾ ਦੇ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਫੇਸਬੁੱਕ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ 'ਚ ਵੱਡੀ ਭੂਮਿਕਾ ਅਦਾ ਕਰਦੀ ਹੈ ਪਰ ਇੱਥੇ ਕਈ ਅਜਿਹੀਆਂ ਪ੍ਰੇਮ ਕਹਾਣੀਆਂ ਵੀ ਸ਼ੁਰੂ ਹੁੰਦੀਆਂ ਹਨ, ਜਿਹੜੀਆਂ ਭਵਿੱਖ 'ਚ ਅਪਰਾਧ ਦਾ ਆਧਾਰ ਬਣਦੀਆਂ ਹਨ। ਇਹੀ ਗੱਲ ਮੋਗਾ 'ਚ ਹੋਏ ਇਸ ਕਤਲ ਮਾਮਲੇ 'ਚ ਦੇਖਣ ਨੂੰ ਮਿਲੀ ਹੈ।