Saturday, November 23, 2024
 

ਪੰਜਾਬ

ਮਾਨਸਾ 'ਚ ਡੇਂਗੂ ਦਾ ਵਧਿਆ ਕਹਿਰ, ਦੋ ਦਰਜਨ ਦੇ ਕਰੀਬ ਮਰੀਜ਼ ਆਏ ਸਾਹਮਣੇ

October 17, 2020 01:11 PM

ਮਾਨਸਾ : ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਮੌਸਮੀ ਬੀਮਾਰੀ ਡੇਂਗੂ (dengue) ਦੇ ਡੰਗ ਨੇ ਆਮ ਲੋਕਾਂ 'ਚ ਦਹਿਸ਼ਤ ਫੈਲਾ ਰੱਖੀ ਹੈ।ਇਸ ਵੇਲੇ ਮਾਨਸਾ ਸ਼ਹਿਰ 'ਚ 24 ਘੰਟਿਆਂ ਦੌਰਾਨ 21 ਮਰੀਜ਼ ਹੋਰ ਸਾਹਮਣੇ ਆਉਣ 'ਤੇ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 216 ਤੋਂ ਪਾਰ ਹੋਣ ਲੱਗੀ ਹੈ। ਇਸ ਬੀਮਾਰੀ ਦੇ ਜ਼ਿਆਦਾ ਫੈਲਣ ਸਦਕਾ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਦਿਨੋਂ-ਦਿਨ ਵੱਡੀ ਤਾਦਾਦ 'ਚ ਭੀੜ ਵੱਧਣ ਲੱਗੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਡੇਂਗੂ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਸ਼ਹਿਰ ਨੂੰ 2 ਭਾਗਾਂ 'ਚ ਵੰਡ ਕੇ ਵਾਰਡ ਵਾਈਜ਼ ਡੋਰ-ਟੂ-ਡੋਰ ਡੇਂਗੂ ਦਾ ਲਾਰਵਾ ਖਤਮ ਕਰਨ ਲਈ ਸਪਰੇਅ ਕਰ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਬੀਮਾਰੀ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਉਤਰਾਖੰਡ ਅਸੈਂਬਲੀ ਬਿਲਡਿੰਗ 'ਚ ਲੱਗਿਆ 101 ਫੁੱਟ ਉੱਚਾ ਰਾਸ਼ਟਰੀ ਝੰਡਾ

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮੌਸਮ 'ਚ ਥੋੜੀ ਠੰਡਕ ਡੇਂਗੂ ਮੱਛਰ (ਮਾਦਾ ਏਡੀਜ਼) ਦੇ ਵੱਧਣ ਫੁੱਲਣ ਲਈ ਬਹੁਤ ਅਨੁਕੂਲ ਹੁੰਦੀ ਹੈ। ਜਿਸ ਕਰ ਕੇ ਆਪਣੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਦੀ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਬੁਖਾਰ ਹੋਣ ਦੀ ਸੂਰਤ 'ਚ ਸਰਕਾਰੀ ਹਸਪਤਾਲ ਪਹੁੰਚ ਕੇ ਡੇਂਗੂ ਟੈਸਟ ਕਰਵਾਉਣਾ ਚਾਹੀਦਾ ਹੈ।

ਸਿਹਤ ਵਿਭਾਗ ਵਲੋਂ ਡੇਂਗੂ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਪੂਰੇ ਸ਼ਹਿਰ ਨੂੰ 2 ਭਾਗਾਂ 'ਚ ਵੰਡ ਕੇ ਟੀਮਾਂ ਲਾ ਦਿੱਤੀਆਂ ਹਨ। ਇਹ ਟੀਮਾਂ ਡੇਂਗੂ ਪ੍ਰਭਾਵਿਤ ਏਰੀਏ 'ਚ ਹਰ ਘਰ 'ਚ ਪਹੁੰਚ ਕੇ ਸਪਰੇਅ ਕਰਵਾ ਰਹੇ ਹਨ। ਪਾਣੀ ਦੀਆਂ ਟੈਂਕੀਆਂ, ਕੂਲਰ, ਫਰਿੱਜ, ਗਮਲੇ, ਟਾਇਰਾਂ ਅਤੇ ਕਬਾੜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੇਂਗੂ ਤੋਂ ਬਚਣ ਲਈ ਜਾਣਕਾਰੀ ਭਰਪੂਰ ਪੈਂਫਲੇਟ ਵੰਡੇ ਜਾ ਰਹੇ ਸਨ। ਜਿਸ ਘਰ 'ਚੋਂ ਲਾਰਵਾ ਮਿਲਦਾ ਹੈ ਨਸ਼ਟ ਕਰਨ ਉਪਰੰਤ ਰਿਪੋਰਟ ਤੁਰੰਤ ਨਗਰ ਕੌਂਸਲ ਨੂੰ ਭੇਜੀ ਜਾਂਦੀ ਹੈ।

ਜ਼ਿਲਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਜੈਨ ਸਕੂਲ, ਲਾਭ ਸਿੰਘ, ਜੱਗਰ ਦੀ ਚੱਕੀ, ਕਾਕਾ ਐੱਮ. ਸੀ., ਕੋਟ ਦਾ ਟਿੱਬਾ, ਮੱਲੇ ਦੇ ਕੋਠੇ, ਕਚਹਿਰੀ ਰੋਡ, ਸਿਰਸਾ ਰੋਡ, ਬਾਗ ਵਾਲਾ ਗੁਰਦੁਆਰਾ ਖੇਤਰ 'ਚ 382 ਘਰਾਂ ਦਾ ਸਰਵੇਖਣ ਕੀਤਾ ਅਤੇ 2 ਘਰਾਂ 'ਚੋਂ ਲਾਰਵਾ ਮਿਲਿਆ।

ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ, ਮਲੇਰੀਆ ਆਦਿ ਮੌਸਮੀ ਬੀਮਾਰੀਆਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ। ਉਨ੍ਹਾਂ ਕਿਹਾ ਕਿ ਇਨਾਂ ਬੀਮਾਰੀਆਂ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ 'ਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਅਜਿਹੀ ਤਕਲੀਫ ਆਉਂਦੀ ਹੈ ਤਾਂ ਉਹ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣ। ਇਸ ਤੋਂ ਇਲਾਵਾ ਨਗਰ ਕੌਂਸਲ ਵਲੋਂ ਵਾਰਡ ਵਾਈਜ਼ ਮੱਛਰ ਨੂੰ ਮਾਰਨ ਲਈ ਫੌਗਿੰਗ ਵੀ ਕੀਤੀ ਜਾ ਰਹੀ ਹੈ।

 

Have something to say? Post your comment

Subscribe