ਡੈਨਮਾਰਕ, (ਏਜੰਸੀ) : ਡੈਨਮਾਰਕ ਦੇ ਸੱਭ ਤੋਂ ਅਮੀਰ ਸ਼ਖ਼ਸ ਐਂਡਰਸ ਹੋਲਸ ਪੋਵਲਸੇਨ ਜਿਸ ਦੀ ਕੰਪਨੀ ਜੈਕ ਐਂਡ ਜੋਨਜ਼ ਅਤੇ ਵੇਰੋ ਮੋਡਾ ਜਿਹੇ ਮੋਹਰੀ ਕਪੜਾ ਬ੍ਰਾਂਡਾਂ ਦੀ ਮਾਲਕ ਹੈ, ਦੇ ਸ੍ਰੀਲੰਕਾ ਦੇ ਬੰਬ ਧਮਾਕਿਆਂ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ।
ਕੰਪਨੀ ਦੇ ਬੁਲਾਰੇ ਨੇ ਦਸਿਆ ਕਿ ਐਂਡਰਸ ਦੇ ਚਾਰ ਵਿਚੋਂ ਤਿੰਨ ਬੱਚੇ ਮਾਰੇ ਗਏ ਹਨ। ਪਰਵਾਰ ਘੁੰਮਣ-ਫਿਰਨ ਲਈ ਸ੍ਰੀਲੰਕਾ ਗਿਆ ਹੋਇਆ ਸੀ। ਰੀਪੋਰਟ ਮੁਤਾਬਕ ਚਾਰ ਦਿਨ ਪਹਿਲਾਂ, ਖਰਬਪਤੀ ਐਂਡਰਸ ਦੀ ਸੱਭ ਤੋਂ ਵੱਡੀ ਧੀ ਨੇ ਅਪਣੇ ਤਿੰਨ ਭੈਣਾਂ-ਭਰਾਵਾਂ ਦੀ ਇੰਸਟਰਾਗ੍ਰਾਮ 'ਤੇ ਫ਼ੋਟੋ ਪਾਈ ਸੀ। 46 ਸਾਲਾ ਉਦਯੋਗਪਤੀ ਦੀ ਸੰਪਤਂੀ 7.9 ਬਿਲੀਅਨ ਡਾਲਰ ਦੀ ਹੈ। ਉਸ ਦੀ ਫ਼ੈਸ਼ਨ ਕੰਪਨੀ ਬੈਸਟਸੈੱਲਰ ਦੀ ਸਥਾਪਨਾ 1975 ਵਿਚ ਉਸ ਦੇ ਮਾਪਿਆਂ ਨੇ ਡੈਨਮਾਰਕ ਦੇ ਛੋਟੇ ਜਿਹੇ ਸ਼ਹਿਰ ਰਿੰਗਕੋਬਿੰਗ ਵਿਚ ਕੀਤੀ ਸੀ ਜਿਥੇ ਉਨ੍ਹਾਂ ਅਪਣਾ ਪਹਿਲਾ ਸਟੋਰ ਖੋਲ੍ਹਿਆ ਸੀ। ਹੁਣ ਇਹ ਕੰਪਨੀ ਸਾਂਝੇ ਉਦਮ ਤਹਿਤ ਇਕੱਲੇ ਚੀਨ ਵਿਚ 7000 ਤੋਂ ਵੱਧ ਸਟੋਰ ਚਲਾ ਰਹੀ ਹੈ। ਇਸ ਤੋਂ ਇਲਾਵਾ ਐਂਡਰਸ ਸਕਾਟਲੈਂਡ ਦੀ ਸਮੁੱਚੀ ਜ਼ਮੀਨ ਦੇ 1 ਫ਼ੀ ਸਦ ਤੋਂ ਵੱਧ ਹਿੱਸੇ ਦਾ ਮਾਲਕ ਹੈ।
ਰੀਪੋਰਟ ਮੁਤਾਬਕ ਪਿਛਲੇ 13 ਸਾਲਾਂ ਵਿਚ ਉਸ ਨੇ ਸਕਾਟਲੈਂਡ ਵਿਚ 220, 000 ਏਕੜ 'ਚ ਫੈਲੇ 'ਚ ਫ਼ਾਰਮ ਖ਼ਰੀਦੇ ਹਨ। ਉਸ ਅਤੇ ਉਸ ਦੀ ਪਤਨੀ ਨੇ ਕੁਦਰਤ ਦੀ ਸਾਂਭ-ਸੰਭਾਲ ਲਈ ਵਾਈਲਡਲੈਂਡ ਨਾਮੀ ਕੰਪਨੀ ਵੀ ਬਣਾਈ ਹੋਈ ਹੈ। ਬੈਸਟਸੈੱਲਰ ਦੇ ਕਈ ਬ੍ਰਾਂਡ ਭਾਰਤ ਵਿਚ ਚੱਲ ਰਹੇ ਹਨ ਜਿਨ੍ਹਾਂ ਵਿਚ ਓਨਲੀ ਐਂਡ ਸਨਜ਼, ਓਨਲੀ, ਜੈਕ ਐਂਡ ਜੋਨਜ਼ ਸ਼ਾਮਲ ਹਨ। ਜੈਕ ਐਂਡ ਜੋਨਜ਼ ਦੇ ਭਾਰਤ ਵਿਚ 69 ਸਟੋਰ ਹਨ। ਐਂਡਰਸ ਅਤੇ ਉਸ ਦੀ ਪਤਨੀ ਐਨੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਚਾਰਾਂ ਵਿਚੋਂ ਕਿਹੜੇ ਤਿੰਨ ਬੱਚਿਆਂ ਦੀ ਮੌਤ ਹੋਈ ਹੈ। ਇਹ ਵੀ ਪਤਾ ਨਹੀਂ ਲੱਗਾ ਕਿ ਅੱਠਾਂ ਵਿਚੋਂ ਕਿਹੜੇ ਧਮਾਕਿਆਂ ਵਿਚ ਉਨ੍ਹਾਂ ਦੀ ਮੌਤ ਹੋਈ।