ਨਵਾਂਸ਼ਹਿਰ : ਕੋਰੋਨਾ ਦੌਰਾਨ ਸਰਕਾਰੀ ਆਈ. ਟੀ. ਆਈ (ਇਸਤਰੀਆਂ) ਨਵਾਂਸ਼ਹਿਰ ਦੀਆਂ ਸਿਖਿਆਰਥਣਾਂ ਵੱਲੋਂ ਵੱਡੀ ਗਿਣਤੀ ਵਿਚ ਮਾਸਕ ਤਿਆਰ ਕਰ ਕੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਫ਼ਤਹਿ' ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ। ਆਈ. ਟੀ. ਆਈ ਦੀਆਂ ਸਿਖਿਆਰਥਣਾਂ ਵੱਲੋਂ ਹੁਣ ਤੱਕ 25 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ।
ਇਨ੍ਹਾਂ ਵਿਚੋਂ ਇਕ-ਇਕ ਹਜ਼ਾਰ ਤੋਂ ਵੱਧ ਮਾਸਕ ਤਿਆਰ ਕਰਨ ਵਾਲੀਆਂ ਪੰਜ ਹੋਣਹਾਰ ਸਿਖਿਆਰਥਣਾਂ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਆਈ. ਏ. ਐਸ ਵੱਲੋਂ ਭੇਜੇ ਗਏ ਵਿਸ਼ੇਸ਼ ਪ੍ਰਸੰਸਾ ਪੱਤਰ ਅੱਜ ਮੁੱਖ ਅਧਿਆਪਕ ਰਸ਼ਪਾਲ ਚੰਦੜ ਵੱਲੋਂ ਉਨ੍ਹਾਂ ਨੂੰ ਸੌਂਪੇ ਗਏ। ਪ੍ਰਸੰਸਾ ਪੱਤਰ ਹਾਸਲ ਕਰਨ ਵਾਲੀਆਂ ਇਨ੍ਹਾਂ ਸਿਖਿਆਰਥਣਾਂ ਵਿਚ ਜਸਪ੍ਰੀਤ, ਰਿੰਪੀ, ਅੰਜਲੀ, ਨਰਿੰਦਰ ਅਤੇ ਆਰਤੀ ਸ਼ਾਮਿਲ ਹਨ। ਇਸ ਮੌਕੇ ਮੁੱਖ ਅਧਿਆਪਕ ਰਸ਼ਪਾਲ ਚੰਦੜ ਨੇ ਆਈ. ਟੀ. ਆਈ ਦੇ ਸਮੁੱਚੇ ਸਟਾਫ ਅਤੇ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀਆਂ ਹੋਣਹਾਰ ਸਿਖਿਆਰਥਣਾਂ ਦਾ ਰਾਜ ਪੱਧਰ 'ਤੇ ਸਨਮਾਨ ਹੋਇਆ ਹੈ। ਇਸ ਮੌਕੇ ਸੀਨੀਅਰ ਇੰਸਟਰੱਕਟਰ ਨੀਲਮ ਰਾਣੀ, ਪ੍ਰਿਆ, ਰਣਜੀਤ ਕੌਰ, ਅੰਜਨਾ ਕੁਮਾਰੀ, ਅਮਨਦੀਪ ਕੌਰ, ਪੂਜਾ ਸ਼ਰਮਾ, ਸਰਬਜੀਤ, ਅਮਰ ਬਹਾਦਰ ਅਤੇ ਹੋਰ ਹਾਜ਼ਰ ਸਨ।