ਵਾਸ਼ਿੰਗਟਨ : ਭਾਰਤ ਨੇ ਸਿਹਤ ਦੇ ਖੇਤਰ ਵਿਚ ਅਮਰੀਕਾ ਨਾਲ ਮਜ਼ਬੂਤ ਹੁੰਦੀ ਸਾਂਝੀਦਾਰੀ ਦਾ ਇਕ ਹੋਰ ਉਦਾਹਰਣ ਪੇਸ਼ ਕਰਦੇ ਹੋਏ ਪੈਂਸਲਵੈਨੀਆ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੈਲਫੀਆ ਨੂੰ ਕੋਵਿਡ-19 ਨਾਲ ਮੁਕਾਬਲੇ ਲਈ 18 ਲੱਖ ਐੱਨ.95 ਮਾਸਕ ਦਾਨ ਦਿਤੇ ਹਨ।
ਫਿਲਾਡੈਲਫੀਆ ਦੇ ਮੇਅਰ ਜਿਮ ਕੈਨੀ ਨੇ ਭਾਰਤ ਨੂੰ ਮਾਸਕ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਇਹ ਮਾਸਕ ਮਹਾਂਮਾਰੀ ਨਾਲ ਮੁਕਾਬਲਾ ਕਰ ਰਹੇ ਮੋਗਰੀ ਮੋਰਚੇ ਦੇ ਕਰਮਚਾਰੀਆਂ ਵਲੋਂ ਵਰਤੋਂ ਵਿਚ ਲਿਆਂਦੇ ਜਾਣਗੇ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ, “ਕੋਵਿਡ-19 ਨਾਲ ਮੁਕਾਬਲੇ ਵਿਚ ਸਹਾਇਤਾ ਲਈ ਭਾਰਤ ਵਲੋਂ ਭੇਜੇ ਗਏ 18 ਲੱਖ ਐੱਨ.95 ਮਾਸਕ ਫਿਲਾਡੈਲਫੀਆ ਨੂੰ ਪ੍ਰਾਪਤ ਹੋਏ।” ਉਨ੍ਹਾਂ ਕਿਹਾ, “ਇਹ ਭਾਰਤ-ਅਮਰੀਕਾ ਵਿਚਾਲੇ ਸਿਹਤ ਖੇਤਰ ਵਿਚ ਭਰੋਸੇਯੋਗ ਸਾਂਝੀਦਾਰੀ ਦਾ ਇਕ ਹੋਰ ਉਦਾਹਰਣ ਹੈ।” ਭਾਰਤ ਵਲੋਂ ਭੇਜੇ ਗਏ ਮਾਸਕ, ਫਿਲਾਡੈਲਫੀਆ ਵਿਚ ਪੰਜ ਅਕਤੂਬਰ ਨੂੰ ਪੁੱਜੇ।
ਇਹ ਵੀ ਪੜ੍ਹੋ : ਜਨਵਰੀ ਦੀ ਸ਼ੁਰੂਆਤ 'ਚ ਆ ਸਕਦੈ ਕੋਰੋਨਾ ਵਾਇਰਸ ਦਾ ਟੀਕਾ : ਅਮਰੀਕਾ
ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਵਿਅਕਤੀਗਤ ਸੁਰੱਖਿਆ ਸਮੱਗਰੀ (ਪੀ.ਪੀ.ਈ.) ਬਣਾਉਣ ਦੀ ਸਮਰੱਥਾ ਦਾ ਵੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਘਰੇਲੂ ਇਸਤੇਮਾਲ ਲਈ ਹੀ ਨਹੀਂ ਸਗੋਂ ਬਰਾਮਦ ਲਈ ਵੀ ਪੀ.ਪੀ.ਈ. ਬਣਾਉਣ ਦੀ ਸਮਰੱਥਾ ਵਿਕਸਿਤ ਕਰ ਚੁੱਕਿਆ ਹੈ।