ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੇ ਇਸ ਸਾਲ ਆ ਰਹੇ ਸੌ ਸਾਲਾ ਸਥਾਪਨਾ ਦਿਵਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਸਬੰਧ ਵਿਚ 15 ਨਵੰਬਰ ਨੂੰ ਵਿਸ਼ੇਸ਼ ਸਮਾਗਮ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ।
15 ਨਵੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਵੇਗਾ ਮੁੱਖ ਸਮਾਗਮ, ਸਾਰਾ ਸਾਲ ਸਮਾਗਮ ਰਹਿਣਗੇ ਜਾਰੀ
ਇਸ ਤੋਂ ਇਲਾਵਾ ਅਗਲਾ ਪੂਰਾ ਸਾਲ ਇਸ ਸ਼ਤਾਬਦੀ ਨੂੰ ਸਮਰਪਿਤ ਕਰਕੇ ਵੱਖ-ਵੱਖ ਸਮਾਗਮ ਵੀ ਕੀਤੇ ਜਾਣਗੇ। ਇਸ ਸਬੰਧ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼ਤਾਬਦੀ ਕਮੇਟੀ ਦੀ ਅੱਜ ਹੋਈ ਇਕੱਤਰਤਾ ਵਿਚ ਫੈਸਲਾ ਕੀਤਾ ਗਿਆ ਕਿ 13 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ, ਜਿਸ ਦਾ ਭੋਗ 15 ਨਵੰਬਰ ਨੂੰ ਪਵੇਗਾ। ਇਸ ਮਗਰੋਂ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ਼ਤਾਬਦੀ ਸਮਾਗਮ ਪ੍ਰਭਾਵਸ਼ਾਲੀ ਰੂਪ ਵਿਚ ਕੀਤਾ ਜਾਵੇਗਾ। ਸਮਾਗਮ ਦੀ ਮੁੱਢਲੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ ਅਤੇ ਪ੍ਰਬੰਧਾਂ ਸਬੰਧੀ ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਸ਼ਾਮਲ ਹੋਣ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ, ਪੰਥਕ ਆਗੂਆਂ, ਨਿਹੰਗ ਸਿੰਘ ਦਲਾਂ ਦੇ ਮੁਖੀਆਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਭੇਜਿਆ ਜਾਵੇਗਾ। ਭਾਈ ਲੌਂਗੋਵਾਲ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਇਤਿਹਾਸ, ਪ੍ਰੰਪਰਾਵਾਂ ਅਤੇ ਯੋਗਦਾਨ ਸਬੰਧੀ ਇਕ ਵਿਸ਼ੇਸ਼ ਸੋਵੀਨਰ ਤਿਆਰ ਕੀਤਾ ਜਾਵੇਗਾ, ਜਿਸ ਤੋਂ ਸੰਗਤਾਂ ਸਿੱਖ ਸੰਸਥਾ ਸਬੰਧੀ ਬਹੁਪੱਖੀ ਜਾਣਕਾਰੀ ਹਾਸਲ ਕਰ ਸਕਣਗੀਆਂ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪ-ਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨੌਜੁਆਨੀ ਨੂੰ ਪ੍ਰੇਰਿਤ ਕਰਨ ਲਈ ਸੰਖੇਪ ਵਿਚ ਇਤਿਹਾਸਕ ਡਾਕੂਮੈਂਟਰੀ ਫਿਲਮਾਂ ਤਿਆਰ ਕੀਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬੇਸ਼ੱਕ ਇਸ ਵਰ੍ਹੇ ਕੋਰੋਨਾ ਮਹਾਮਾਰੀ ਕਾਰਨ ਸ਼ਤਾਬਦੀ ਸਬੰਧੀ ਸਮਾਗਮ ਪਹਿਲਾਂ ਨਹੀਂ ਆਰੰਭ ਕੀਤੇ ਜਾ ਸਕੇ, ਪਰੰਤੂ ਹੁਣ ਸ਼ਤਾਬਦੀ ਦੇ ਮੁੱਖ ਸਮਾਗਮ ਤੋਂ ਮਗਰੋਂ ਅਗਲਾ ਪੂਰਾ ਵਰ•ਾ ਸਮਾਗਮ ਜਾਰੀ ਰਹਿਣਗੇ। ਸਬ-ਕਮੇਟੀ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ, ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਬੀਬੀ ਕੁਲਦੀਪ ਕੌਰ ਟੌਹੜਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਾਮ ਸਿੰਘ, ਪਰਮਜੀਤ ਸਿੰਘ ਖ਼ਾਲਸਾ, ਸਰਵਨ ਸਿੰਘ ਕੁਲਾਰ, ਸਕੱਤਰ ਮਹਿੰਦਰ ਸਿੰਘ ਆਹਲੀ ਆਦਿ ਮੌਜੂਦ ਸਨ।