ਲਾਲੜੂ : ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਸਵੀਟੀ ਸ਼ਰਮਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਨਾਟਕ ਕਰਾਰ ਦਿੰਦੇ ਹੋਏ ਕਿਹਾ ਕਿ ਆਪਣੀਆਂ ਸਰਕਾਰਾਂ ਵਿੱਚ ਕਿਸਾਨਾਂ 'ਤੇ ਅੱਤਿਆਚਾਰ ਕਰਨ ਵਾਲੇ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਵਾਲਿਆਂ ਨੂੰ ਪ੍ਰਦਰਸ਼ਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਵੀਟੀ ਸ਼ਰਮਾ ਲਾਲੜੂ 'ਚ ਚਲ ਰਹੇ ਕਿਸਾਨ ਧਰਨੇ ਦੇ ਕਿਸਾਨਾਂ ਦੇ ਸਮਰਥਨ ਦੇਣ ਪਹੁੰਚੀ।
- ਮਹਿਲਾ ਆਗੂ ਨੇ ਦਿੱਤਾ ਕਿਸਾਨਾਂ ਦੇ ਸੰਘਰਸ਼ 'ਚ ਸਮਰਥਨ
- ਆਪ ਦੀ ਸਰਕਾਰ ਆਉਂਦੇ ਹੀ ਰੱਦ ਹੋਣਗੇ ਖੇਤੀ ਕਾਨੂੰਨ
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਬਰਨ ਹਾਸਿਲ ਕਰਕੇ ਸ਼ਾਪਿੰਗ ਮਾਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ। ਅਕਾਲੀਆਂ ਨੇ ਦੱਸ ਸਾਲ ਸੱਤਾ ਵਿੱਚ ਰਹਿੰਦੇ ਹੋਏ ਕਿਸਾਨਾਂ ਦੀ ਗੱਲ ਨਹੀਂ ਸੁਣੀ। ਹੁਣ ਪੰਜਾਬ ਤੋਂ ਆਪਣੀ ਰਾਜਨੀਤਿਕ ਜ਼ਮੀਨ ਨੂੰ ਖਿਸਕਦੀ ਨਜ਼ਰ ਆਈ ਤਾਂ ਭਾਜਪਾ ਤੋਂ ਸਮਰਥਨ ਵਾਪਸੀ ਦਾ ਨਾਟਕ ਕਰਕੇ ਸੜਕਾਂ 'ਤੇ ਆ ਰਹੇ ਹਨ। ਸਵੀਟੀ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮੁਆਫੀ ਅਤੇ ਹੋਰਨਾਂ ਸਹੂਲਤਾਂ ਦੇ ਮੁੱਦੇ 'ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਅਮਰਿੰਦਰ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਖੇਤੀ ਕਾਨੂੰਨ ਖਾਰਿਜ ਕਰਕੇ ਕਿਸਾਨਾਂ ਦੀ ਇੱਛਾ ਅਨੁਸਾਰ ਮੰਡੀਆਂ ਨੂੰ ਚਲਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਗੁਰਮੇਲ ਸਿੰਘ ਬਲੋਪੁਰ, ਗੁਰਪ੍ਰੀਤ ਸਿੰਘ ਬਟੌਲੀ, ਸਿਧਾਂਤ ਰਾਣਾ, ਰਾਹੁਲ ਸ਼ਰਮਾ, ਸਵਿਤਾ, ਗੁਰਚਰਣ ਕੌਰ, ਸੁਖਵਿੰਦਰ ਕੌਰ 'ਤੇ ਮਿਥਨੇਸ਼ ਰਾਣੀ ਸਮੇਤ ਕਈ ਨੇਤਾਵਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ।