ਮਾਂਟਰੀਅਲ(ਬਿਊਰੋ) : ਪੂਰਬੀ ਕੈਨੇਡਾ ਵਿਚ ਹੜ੍ਹ ਕਾਰਨ 1500 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਪਤਾ ਲੱਗਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਈ 600 ਤੋਂ ਜ਼ਿਆਦਾ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੈਨੇਡਾ ਵਿਚ ਓਂਟਾਰੀਓ ਤੋਂ ਦੱਖਣੀ ਕਿਊਬੇਕ ਅਤੇ ਨਿਊ ਬਰੁੰਸਵਿਕ ਤੱਕ ਬਰਫ ਪਿਘਲਣ ਅਤੇ ਤੇਜ਼ ਮੀਂਹ ਪੈਣ ਕਾਰਨ ਹਫਤੇ ਦੇ ਅੰਤ ਵਿਚ ਹੜ੍ਹ ਆ ਗਿਆ ਸੀ। ਅਧਿਕਾਰੀਆਂ ਨੂੰ ਸੰਦੇਹ ਸੀ ਕਿ ਇਹ ਹੜ੍ਹ ਕਿਊਬੇਕ ਵਿਚ 2017 ਵਿਚ ਆਏ ਭਿਆਨਕ ਹੜ੍ਹ ਜਿੰਨਾਂ ਰੂਪ ਧਾਰਨ ਕਰ ਸਕਦਾ ਹੈ ਪਰ ਐਤਵਾਰ ਨੂੰ ਉਹ ਹਾਲਾਤ ਨੂੰ ਲੈ ਕੇ ਥੋੜ੍ਹੇ ਆਸ਼ਾਵਾਦੀ ਪ੍ਰਤੀਤ ਹੋਏ। ਨਾਗਰਿਕ ਸੁਰੱਖਿਆ ਬੁਲਾਰੇ ਏਰਿਕ ਹਾਉਦੇ ਨੇ ਕਿਹਾ, 'ਅਸੀਂ ਆਗਾਮੀ ਦਿਨਾਂ ਨੂੰ ਲੈ ਕੇ ਆਸ਼ਾਵਾਦੀ ਹਾਂ। ਹੜ੍ਹ ਦੇ ਹਾਲਾਤ ਹੋਣਗੇ ਪਰ ਲੇਕ ਸੇਂਟ ਪਿਅਰੇ ਵਰਗੇ ਕੁੱਝ ਇਲਾਕਿਆਂ ਨੂੰ ਛੱਡ ਕੇ ਇਹ 2017 ਦੇ ਪੱਧਰ ਦਾ ਨਹੀਂ ਹੋਵੇਗਾ।'