ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਕੋਰੋਨਾ ਨਾਲ ਮਰਨ ਵਾਲਿਆਂ ਦੀ ਸਹੀ ਗਿਣਤੀ ਨਹੀਂ ਦੱਸਦਾ। ਰਾਸ਼ਟਰਪਤੀ ਚੋਣ ਦੇ ਸੰਬੰਧ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਇ ਬਿਡੇਨ ਵਿਚਾਲੇ ਪਹਿਲੀ ਸਿੱਧੀ ਬਹਿਸ ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਕੇਂਦਰਤ ਰਹੀ।
ਇਹ ਵੀ ਪੜ੍ਹੋ : ਬਿਨਾ ਕਾਰਬਨ ਦੀ ਨਿਕਾਸੀ ਦੇ ਜਪਾਨ ਬਣਾਉਣ ਜਾ ਰਿਹਾ ਬਿਜਲੀ, ਜਾਣੋ ਕਿਵੇਂ
ਬਿਡੇਨ ਨੇ ਕਿਹਾ ਕਿ ਅਮਰੀਕਾ ਵਿਚ 2 ਲੱਖ ਲੋਕ ਮਰ ਗਏ, ਜੋ ਕਿ ਦੁਨੀਆ ਵਿਚ ਮਰੇ 10 ਲੱਖ ਲੋਕਾਂ ਦਾ 20 ਫੀਸਦੀ ਬਣਦੇ ਹਨ, ਜਦਕਿ ਅਮਰੀਕਾ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ ਸਿਰਫ 4 ਫੀਸਦੀ ਹੈ। ਟਰੰਪ ਨੇ ਕਿਹਾ, ''ਜਦੋਂ ਤੁਸੀਂ ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚੀਨ ਵਿਚ ਕਿੰਨੇ ਮਰੇ? ਰੂਸ ਵਿਚ ਕਿੰਨੇ ਮਰੇ? ਤੁਹਾਨੂੰ ਨਹੀਂ ਪਤਾ ਕਿ ਭਾਰਤ ਵਿਚ ਕਿੰਨੇ ਮਰੇ। ਉਹ ਸਹੀ ਗਿਣਤੀ ਨਹੀਂ ਦੱਸਦਾ।'' ਉਨ੍ਹਾ ਅੱਗੇ ਕਿਹਾ ਕਿ ਮਹਾਂਮਾਰੀ ਲਈ ਚੀਨ ਜ਼ਿੰਮੇਦਾਰ ਹੈ, ਪਰ ਬਿਡੇਨ ਚੀਨ ਵੱਲੋਂ ਧਿਆਨ ਪਾਸੇ ਲਿਜਾ ਕੇ ਹੋਣ ਵਾਲੀ ਤਬਾਹੀ ਲਈ ਟਰੰਪ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹਨ। ਫੌਕਸ ਨਿਊਜ਼ ਦੇ ਕ੍ਰਿਸ ਵਾਲੇਸ ਵੱਲੋਂ ਕਰਵਾਈ ਗਈ ਬਹਿਸ ਘਰੇਲੂ ਮੁੱਦਿਆਂ ਬਾਰੇ ਸੀ, ਪਰ ਭਾਰਤ, ਰੂਸ ਤੇ ਚੀਨ ਦਾ ਨਾਂਅ ਕੋਰੋਨਾ ਕਰਕੇ ਵਿਚ ਆ ਗਿਆ। ਇਸ ਤੋਂ ਪਹਿਲਾਂ ਨਿਊਜ਼ ਕਾਨਫਰੰਸਾਂ ਵਿਚ ਟਰੰਪ ਕਹਿੰਦੇ ਰਹੇ ਹਨ ਕਿ ਟੈੱਸਟ ਕਰਨ ਦੇ ਮਾਮਲੇ ਵਿਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।