ਮਾਨਸਾ : ਹਲਕਾ ਬੁਢਲਾਡਾ ਅਧੀਨ ਪੈਂਦੀ ਪੁਰਾਣੀ ਮੰਡੀ ਦੇ ਰਹਿਣ ਵਾਲੇ ਪ੍ਰੀਤਕਮਲ ਦੇ ਘਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕੈਨੇਡਾ ਪੁਲਿਸ ਨੇ ਪ੍ਰੀਤਕਮਲ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ। ਪਿਛਲੇ 9 ਸਾਲ ਤੋਂ ਕੈਨੇਡਾ ਦੇ ਟੋਰਾਟੋਂ ਰਹਿ ਰਿਹਾ ਪ੍ਰੀਤਕਮਲ ਸੇਵਾਮੁਕਤ ਅਧਿਆਪਕ ਗੋਬਿੰਦ ਸਿੰਘ ਦਾ ਪੁੱਤਰ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅੱਜ ਸ਼ਾਮ ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਫ਼ੋਨ 'ਤੇ ਦੱਸਿਆ ਕਿ ਪ੍ਰੀਤ ਕਮਲ ਜਿਉਂ ਹੀ ਕੰਮ 'ਤੇ ਆਇਆ ਅਣਪਛਾਤੇ ਦੋ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਆਂ ਲੱਗਣ ਕਾਰਨ ਪ੍ਰੀਤ ਕਮਲ ਦੀ ਮੌਕੇ 'ਤੇ ਹੀ ਮੌਤ ਹੋ ਗਈ 'ਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਚਾਚੇ ਦੇ ਲੜਕੇ ਦਲਜੀਤ ਦਰਸ਼ੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਉਪਰੰਤ ਲਾਸ਼ ਪਰਿਵਾਰ ਨੂੰ ਸੌਂਪਣ ਲਈ ਕਿਹਾ, ਜਿਸ 'ਤੇ ਕੁੱਝ ਦਿਨ ਲੱਗ ਸਕਦੇ ਹਨ। ਇਸ ਦੁਖਦਾਈ ਘਟਨਾ 'ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਕਾ: ਹਰਦੇਵ ਸਿੰਘ ਅਰਸ਼ੀ, ਮੰਗਤ ਰਾਏ ਬਾਂਸਲ, ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ ਮਨੋਜ ਬਾਲਾ ਬਾਂਸਲ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਪ੍ਰੀਤ ਕਮਲ ਪਿਛਲੇ ਕੁੱਝ ਸਾਲਾ ਤੋਂ ਨੌਜਵਾਨਾਂ ਦੇ ਚਹੇਤੇ ਗਾਇਕ ਦੇ ਤੌਰ 'ਤੇ ਵੀ ਵਿਚਰ ਰਿਹਾ ਸੀ। ਉਸ ਦੇ 'ਬਿੱਗਬਰਡ' ਚ ਆਏ ਗੀਤ 'ਮਾਫ਼ੀਆ ਮੰਡੀਰ' ਅਤੇ ਸਿੱਧੂ ਮੂਸੇਵਾਲੇ ਦਾ ਲਿਖਿਆ ਗੀਤ 'ਦਿਲ ਦੀਆਂ ਗੱਲਾ' ਯੂ ਟਿਊਬ 'ਤੇ ਕਾਫੀ ਚਰਚਿਤ ਰਹੇ ਸਨ।