ਨਵੀਂ ਦਿੱਲੀ (ਵਾਰਤਾ) : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ ਵਰਿੰਦਰ ਸਹਿਵਾਗ ਨੇ ਕਿਹਾ ਹੈ ਕਿ ਚੇਨਈ ਸੁਪਰ ਕਿੰਗਜ਼, ਜਿਸ ਤਰ੍ਹਾਂ ਦਿੱਲੀ ਕੈਪੀਟਲਸ ਖ਼ਿਲਾਫ ਟੀਚੇ ਦਾ ਪਿੱਛਾ ਕਰ ਰਹੀ ਸੀ, ਉਸ ਤੋਂ ਅਜਿਹਾ ਲੱਗ ਰਿਹਾ ਸੀ ਜਿਵੇਂ ਟੈਸਟ ਮੈਚ ਚੱਲ ਰਿਹਾ ਹੈ । ਦਿੱਲੀ ਨੇ ਚੇਨਈ ਨੂੰ 176 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਦੀ ਟੀਮ 20 ਓਵਰਾਂ ਵਿਚ 7 ਵਿਕਟ 'ਤੇ 131 ਦੌੜਾਂ ਹੀ ਬਣਾ ਸਕੀ ਸੀ। ਚੇਨਈ ਦੇ ਬੱਲੇਬਾਜ ਕਾਫ਼ੀ ਹੌਲੀ ਰਫ਼ਤਾਰ ਨਾਲ ਦੌੜਾਂ ਬਣਾ ਰਹੇ ਸਨ, ਜਿਸ 'ਤੇ ਸਹਿਵਾਗ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਟੇਸਟ ਮੈਚ ਵਰਗਾ ਅਨੁਭਵ ਹੋ ਰਿਹਾ ਸੀ। ਚੇਨਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਪਹਿਲੇ 10 ਓਵਰਾਂ ਵਿਚ ਉਸ ਦੀਆਂ 3 ਵਿਕਟਾਂ 'ਤੇ 47 ਦੌੜਾਂ ਸਨ ਅਤੇ ਜ਼ਰੂਰੀ ਸਕੋਰ ਰੇਟ 12 ਦਾ ਹੋ ਗਿਆ ਸੀ। ਕੇਦਾਰ ਜਾਧਵ ਬਾਊਂਡਰੀ ਲਈ ਸੰਘਰਸ਼ ਕਰ ਰਹੇ ਸਨ, ਜਦੋਂ ਕਿ ਫਾਫ ਡੂ ਪਲੇਸਿਸ ਇਕ ਕਿਨਾਰੇ ਤੋਂ ਟੀਮ ਦੀ ਪਾਰੀ ਨੂੰ ਸੰਭਾਲ ਰਹੇ ਸਨ। ਜਦੋਂ ਧੋਨੀ ਬੱਲੇਬਾਜੀ ਕਰਣ ਉਤਰੇ ਉਸ ਸਮੇਂ ਚੇਨਈ ਨੂੰ 26 ਗੇਂਦਾਂ ਵਿਚ 78 ਦੌੜਾਂ ਦੀ ਜ਼ਰੂਰਤ ਸੀ ਅਤੇ ਜ਼ਰੂਰੀ ਸਕੋਰ ਰੇਟ ਵੀ ਕਾਫ਼ੀ ਜ਼ਿਆਦਾ ਹੋ ਗਿਆ ਸੀ। ਆਖ਼ਿਰਕਾਰ ਚੇਨਈ 131 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਲਗਾਤਾਰ ਦੂਜੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਸਹਿਵਾਗ ਨੇ ਫੇਸਬੁੱਕ ਵੀਡੀਓ ਵਿਚ ਕਿਹਾ, 'ਮੈਟਰੋ ਅਤੇ ਟ੍ਰੇਨ ਵਿਚ ਕੋਈ ਤੁਲਣਾ ਨਹੀਂ ਹੋ ਸਕਦੀ ਪਰ ਦਿੱਲੀ ਦੀ ਟੀਮ ਦੀ ਤਰ੍ਹਾਂ ਹੀ ਮੈਟਰੋ ਵੀ ਨੌਜਵਾਨ ਹੈ। ਦਿੱਲੀ ਨੇ ਚੇਨਈ ਆਰਮੀ ਨੂੰ ਹਰਾਇਆ। ਟੀ-20 ਪ੍ਰਾਰੁਪ ਵਿਚ ਜੇਕਰ ਪਰਥ ਦੀ ਗਰੀਨ ਪਿਚ 'ਤੇ ਟੈਸਟ ਮੈਚ ਦੀ ਤਰ੍ਹਾਂ ਖੇਡਣਾ ਹੈ ਤਾਂ ਮੈਂ ਸੂਰਜ ਬੜਜਾਤਿਆ ਦੀ ਫ਼ਿਲਮ ਵੇਖਣਾ ਜ਼ਿਆਦਾ ਪਸੰਦ ਕਰਾਂਗਾ। ਚੇਨਈ ਦੀ ਬੱਲੇਬਾਜੀ ਵੀ ਅਜਿਹੀ ਹੀ ਸੀ। ਉਨ੍ਹਾਂ ਕਿਹਾ, 'ਚੇਨਈ ਦੀ ਸ਼ੁਰੂਆਤ ਇੰਨੀ ਖ਼ਰਾਬ ਨਹੀਂ ਰਹੀ ਸੀ। ਮੁਰਲੀ ਵਿਜੈ ਨੂੰ ਵੇਖ ਕੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਟੀ-20 ਕ੍ਰਿਕਟ ਖੇਡ ਰਹੇ ਹਨ। ਸ਼ੇਨ ਵਾਟਸਨ ਪੁਰਾਣੇ ਇੰਜਨ ਦੀ ਤਰ੍ਹਾਂ ਹਨ। ਡੂ ਪਲੇਸਿਸ ਨੇ ਹਾਲਾਂਕਿ ਕੋਸ਼ਿਸ਼ ਕੀਤੀ ਅਤੇ ਆਪਣੀ ਟੀਮ ਦੇ ਸਾਥੀ ਨੂੰ ਦੱਸਿਆ ਕਿ ਅਸੀਂ ਟੈਸਟ ਨਹੀਂ ਟੀ-20 ਖੇਡ ਰਹੇ ਹਾਂ। ਇਸ ਦੇ ਬਾਅਦ ਧੋਨੀ ਵੀ ਜਲਦੀ ਬੱਲੇਬਾਜੀ ਕਰਣ ਨਹੀਂ ਆਏ। ਅਜਿਹਾ ਲੱਗਦਾ ਹੈ ਕਿ ਬੁਲੇਟ ਟਰੇਨ ਆ ਜਾਏਗੀ ਪਰ ਧੋਨੀ ਚੌਥੇ ਨੰਬਰ 'ਤੇ ਬੈਟਿੰਗ ਕਰਨ ਨਹੀਂ ਆਉਣਗੇ। ਮੋਦੀ ਜੀ ਤੁਸੀਂ ਹੀ ਕੁੱਝ ਸਮਝਾਓ ਇਸ ਨੂੰ।