ਮੁੰਬਈ : IPL 2020 ਦੀ ਸ਼ੁਰੂਆਤ ਅੱਜ ਦੋ ਧਾਕੜ ਟੀਮਾਂ ਨਾਲ ਪਹਿਲੇ ਮੈਚ ਤੋਂ ਹੋਣ ਜਾ ਰਹੀ ਹੈ। ਮੁੰਬਈ ਇੰਡੀਅਨਜ਼ ਦੇ ਤੂਫ਼ਾਨੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਚੇੱਨਈ ਸੁਪਰਕਿੰਗਜ਼ ਦੇ ਕਪਤਾਨ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਦਰਮਿਆਨ ਹੋਣ ਜਾ ਰਹੇ ਉਦਘਾਟਨ ਮੁਕਾਬਲੇ ਨਾਲ ਵਿਦੇਸ਼ੀ ਜ਼ਮੀਨ ‘ਤੇ ਆਈਪੀਐਲ-13 ਦੀ ਜੰਗ ਸ਼ੁਰੂ ਹੋ ਜਾਵੇਗੀ। ਕੋਰੋਨਾ ਮਹਾਂਮਾਰੀ ਕਾਰਨ ਆਈਪੀਐਲ ਇਸ ਵਾਰ ਯੂਏਈ ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਤੇ ਅਬੂਧਾਬੀ ‘ਚ ਹੋ ਰਿਹਾ ਹੈ। ਪਿਛਲੀ ਚੈਂਪੀਅਨ ਮੁੰਬਈ ਤੇ ਉਪ ਜੇਤੂ ਚੇੱਨਈ ਦਰਮਿਆਨ ਟੂਰਨਾਮੈਂਟ ਦਾ ਮੁਕਾਬਲਾ ਕੁਝ ਬਦਲੇ ਹੋਏ ਮਾਹੌਲ ‘ਚ ਖੇਡਿਆ ਜਾਵੇਗਾ। ਧੋਨੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਤੇ ਉਨ੍ਹਾਂ ‘ਤੇ ਹੁਣ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਦਾ ਕੋਈ ਦਬਾਅ ਨਹੀਂ ਹੈ। ਦੂਜੇ ਪਾਸੇ ਰੋਹਿਤ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ। ਇਸ ਦੌਰਾਨ ਇਨ੍ਹਾਂ ਦੋਵੇਂ ਧਾਕੜ ਬੱਲੇਬਾਜ਼ਾਂ ਦਰਮਿਆਨ ਇੱਕ ਵੱਖਰੀ ਜੰਗ ਵੇਖਣ ਨੂੰ ਮਿਲੇਗੀ। ਦੋਵਾਂ ਟੀਮਾਂ ਨੂੰ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੁਝ ਖਿਡਾਰੀਆਂ ਦੇ ਹਟਣ ਨਾਲ ਵੱਡਾ ਝਟਕਾ ਲੱਗਿਆ ਹੈ। ਇਸ ਦੌਰਾਨ ਵੇਖਣਾ ਇਹ ਹੋਵੇਗਾ ਕਿ ਇਸ ਮੁਕਾਬਲੇ ‘ਚ ਕਿਹੜੀ ਟੀਮ ਕਿਸ ‘ਤੇ ਭਾਰੀ ਪੈਂਦੀ ਹੈ।