ਸਮਰਾਲਾ, (ਸੱਚੀ ਕਲਮ ਬਿਊਰੋ) : ਇੱਥੋਂ ਨਜ਼ਦੀਕ ਪਿੰਡ ਕੋਟਾਲਾ ਵਿਖੇ ਇੱਕ ਘਰ ਵਿੱਚ ਚੋਰੀ ਦਾ ਰਚਿਆ ਹੋਇਆ ਡਰਾਮਾ ਉਸ ਵਕਤ ਕਤਲ ਦੇ ਮਾਮਲੇ ਵਿੱਚ ਤਬਦੀਲ ਹੋ ਗਿਆ, ਜਦੋਂ ਪੁਲਸ ਨੇ ਤਫ਼ਤੀਸ਼ ਵਿੱਚ 'ਚੋਰ' ਪ੍ਰੇਮੀ ਨਿੱਕਲਿਆ ਅਤੇ ਘਰਵਾਲ਼ੇ ਕਥਿਤ 'ਕਾਤਲ' ਸਾਬਿਤ ਹੋਏ। ਜਾਣਕਾਰੀ ਅਨੁਸਾਰ ਔਰਤ ਨੇ ਆਪਣੇ ਪ੍ਰੇਮੀ ਵੱਲੋਂ ਪ੍ਰੇਮ ਸਬੰਧਾਂ ਤੋਂ ਪਾਸਾ ਵੱਟ ਲੈਣ ਦਾ ਬਦਲਾ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਉਸ ਮਹਿਲਾ ਦੇ ਪਤੀ ਵੱਲੋਂ ਵੀ ਉਸਦਾ ਸਾਥ ਦਿੱਤਾ ਗਿਆ। ਥਾਣਾ ਸਮਰਾਲਾ ਦੇ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਕਕਰਾਲਾ ਖੁਰਦ ਦੇ ਗੁਰਜੰਟ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਲੱਕੜ ਦੇ ਬਾਲੇ ਅਤੇ ਸੋਟੇ ਨਾਲ ਕਤਲ ਕਰਨ ਵਾਲ਼ੇ ਪਿੰਡ ਕੋਟਾਲਾ ਦੇ ਪਤੀ-ਪਤਨੀ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਚਚੇਰੇ ਭਰਾ ਜਸਦੇਵ ਸਿੰਘ ਪੁੱਤਰ ਭਜਨ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਦੇ ਪਿੰਡ ਕੋਟਾਲਾ ਦੀ ਸੰਦੀਪ ਕੌਰ ਨਾਲ ਨਜਾਇਜ਼ ਸਬੰਧ ਸਨ, ਪ੍ਰੰਤੂ ਕੁੱਝ ਸਮੇਂ ਤੋਂ ਗੁਰਜੰਟ ਸਿੰਘ ਵੱਲੋਂ ਪਾਸਾ ਵੱਟ ਲਿਆ ਗਿਆ। ਇਸ ਗੱਲ ਨੂੰ ਲੈ ਕੇ ਸੰਦੀਪ ਕੌਰ ਵੱਲੋਂ ਆਪਣੇ ਦਿਲ ਵਿੱਚ ਰੰਜਿਸ਼ ਰੱਖੀ ਗਈ। ਦੂਜੇ ਪਾਸੇ ਸੰਦੀਪ ਕੌਰ ਦੇ ਪਤੀ ਨੂੰ ਵੀ ਗੁਰਜੰਟ ਸਿੰਘ 'ਤੇ ਇਸ ਗੱਲ ਦਾ ਗੁੱਸਾ ਸੀ ਕਿ ਉਸ ਦੇ ਸੰਦੀਪ ਕੌਰ ਨਾਲ ਨਜਾਇਜ਼ ਸਬੰਧ ਰਹੇ ਹਨ। ਸੰਦੀਪ ਕੌਰ ਨੇ ਆਪਣੇ ਪਤੀ ਨਾਲ ਮਿਲ ਕੇ ਗੁਰਜੰਟ ਸਿੰਘ ਨੂੰ ਮਿਲਣ ਦੇ ਬਹਾਨੇ ਰਾਤ ਵਕਤ ਆਪਣੇ ਘਰ ਬੁਲਾ ਲਿਆ। ਪਹਿਲਾਂ ਤੋਂ ਹੀ ਤਿਆਰੀ ਕਰੀ ਬੈਠੇ ਦੋਵਾਂ ਜਣਿਆਂ ਵੱਲੋਂ ਗੁਰਜੰਟ ਸਿੰਘ 'ਤੇ ਸੋਟੇ ਅਤੇ ਬਾਲੇ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵੱਲੋਂ ਇਸ ਵਾਰਦਾਤ ਨੂੰ ਚੋਰੀ ਦਾ ਮਾਮਲਾ ਦਿਖਾਉਣ ਲਈ ਡਰਾਮਾ ਰਚਦੇ ਹੋਏ ਗੁਰਜੰਟ ਸਿੰਘ ਨੂੰ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ ਗਿਆ। ਇੱਥੇ ਇਨ੍ਹਾਂ ਵੱਲੋਂ ਕਿਹਾ ਗਿਆ ਕਿ ਕਿ ਸਾਡੇ ਘਰ ਇਹ ਬੰਦਾ ਚੋਰੀ ਕਰਨ ਆ ਵੜ੍ਹਿਆ ਸੀ, ਜਿਸ ਦੀ ਸਾਡੇ ਤੋਂ ਮਾਰਕੁੱਟ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਜੰਟ ਸਿੰਘ ਹਸਪਤਾਲ ਪਹੁੰਚਣ ਤੱਕ ਮਰ ਚੁੱਕਾ ਸੀ। ਤਫਤੀਸ਼ ਤੋਂ ਬਾਅਦ ਇਹ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ ਅਤੇ ਪੁਲਸ ਵੱਲੋਂ ਕਥਿਤ ਦੋਸ਼ੀ ਪਤੀ-ਪਤਨੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।