Saturday, November 23, 2024
 

ਪੰਜਾਬ

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਸਿਆਸੀ ਦਿਲਚਸਪ ਪ੍ਰਤੀਕਰਮ

September 18, 2020 07:26 PM

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਦਿਤੇ ਗਏ ਅਸਤੀਫ਼ੇ ਉਤੇ ਬੋਲਦੇ ਪੰਜਾਬ ਦੇ ਕੈਬਨਿਟ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਆਖਿਆ ਹੈ ਕਿ ਇਹ ਸੱਪ ਲੰਘਣ ਪਿੱਛੋਂ ਲਕੀਰ ਕੁੱਟਣ ਵਾਂਗ ਹੈ। ਜੇ ਅਸਤੀਫ਼ਾ ਦੇਣਾ ਹੀ ਸੀ ਤਾਂ ਪਹਿਲਾਂ ਦਿਤਾ ਜਾਂਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਚੀਚੀ ਤੇ ਖ਼ੂਨ ਲਾ ਕੇ ਅਪਣੇ-ਆਪ ਨੂੰ ਸ਼ਹੀਦ ਕਹਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਲੋਂ ਦਿਤੇ ਗਏ ਅਸਤੀਫ਼ੇ ਨਾਲ ਜਾਂ ਇਸ ਡਰਾਮੇ ਨਾਲ ਸੂਬੇ ਦਾ ਕਿਸਾਨ ਬਿਲਕੁਲ ਵੀ ਸੰਤੁਸ਼ਟ ਨਹੀਂ ਹੈ ਜੇਕਰ ਅਕਾਲੀ ਦਲ ਸੱਚੇ ਮਨੋਂ ਕਿਸਾਨਾਂ ਦਾ ਹਿਤੈਸ਼ੀ ਹੈ ਤਾਂ ਉਹ ਐਨਡੀਏ ਨਾਲੋਂ ਤੁਰਤ ਵਿਛੋੜਾ ਕਰੇ। ਉਨ੍ਹਾਂ ਕਿਹਾ ਕਿ ਸੂਬੇ ਦਾ ਕਿਸਾਨ ਅਕਾਲੀ ਦਲ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਭਲੀ ਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਵਲੋਂ ਖੁਲ੍ਹੇਆਮ ਕਿਹਾ ਜਾਂਦਾ ਰਿਹਾ ਕੇ ਆਰਡੀਨੈਂਸ ਕਿਸਾਨ ਪੱਖੀ ਹੈ। ਸਾਧੂ ਸਿੰਘ ਧਰਮਸੋਤ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਦਾ ਖੇਤੀਬਾੜੀ ਬਿਲਾਂ ਨੂੰ ਲੈ ਕੇ ਯੂ ਟਰਨ ਸਿਰਫ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਸਿਆਸੀ ਡਰਾਮਾ ਹੈ। ਕੈਬਨਿਟ ਮੰਤਰੀ ਸਰਦਾਰ ਸਾਧੂ ਧਰਮਸੋਤ ਨੇ ਅੱਗੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਕਿਸਾਨਾਂ ਦੀ ਪਿੱਠ 'ਤੇ ਡਟ ਕੇ ਖੜ੍ਹੀ ਹੈ ਤੇ ਉਹ ਇਸ ਬਿਲ ਦਾ ਡਟ ਕੇ ਵਿਰੋਧ ਕਰਦੀ ਹੈ।

ਹਰਸਿਮਰਤ ਹੁਣ ਕਦੇ ਇਸ ਜਨਮ 'ਚ ਨਹੀਂ ਬਣੇਗੀ ਕੇਂਦਰੀ ਮੰਤਰੀ

ਬਠਿੰਡਾ : ਸ਼ਰੀਕੇ 'ਚ ਦਿਊਰ ਲਗਦੇ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਭਵਿੱਖ 'ਤੇ ਵਿਅੰਗਮਈ ਟਿਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਹੁਣ ਇਸ ਜਨਮ 'ਚ ਕਦੇ ਕੇਂਦਰੀ ਵਜ਼ਾਰਤ ਦਾ ਹਿੱਸਾ ਨਹੀਂ ਹੋਵੇਗੀ। ਸਥਾਨਕ ਮਿੰਨੀ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਵਲੋਂ ਦਿਤੇ ਅਸਤੀਫ਼ੇ 'ਤੇ ਟਿੱਪਣੀ ਕਰਦਿਆਂ ਸ. ਬਾਦਲ ਨੇ ਇਹ ਵੀ ਦੋਸ਼ ਲਗਾਏ ਕਿ ਅਕਾਲੀ ਤੇ ਭਾਜਪਾ ਰਲ ਮਿਲ ਕੇ ਨੂਰਾ-ਕੁਸ਼ਤੀ ਲੜ ਰਹੇ ਹਨ ਤੇ ਅੰਦਰਖਾਤੇ ਦੋਨੋਂ ਇਕਮੁਕ ਹਨ। 
ਉਨ੍ਹਾਂ ਬੀਬੀ ਬਾਦਲ ਦੇ ਸਵਾਲਾਂ ਦੀ ਵਛਾੜ ਕਰਦਿਆਂ ਪੁਛਿਆਂ ਕਿ, ਕੀ ਆਰਡੀਨੈਂਸ ਨੂੰ ਲਾਗੂ ਕਰਨ ਤੇ ਬਿਲਾਂ ਨੂੰ ਪਾਰਲੀਮੈਂਟ 'ਚ ਲਿਆਉਣ ਸਮੇਂ ਕੈਬਨਿਟ ਵਿਚ ਇਹ ਬਿਲ ਰੱਖੇ ਜਾਣ ਦੇ ਬਾਵਜੂਦ ਹਰਸਿਮਰਤ ਨੂੰ ਇਸਦੀਆਂ ਕਿਸਾਨ ਵਿਰੋਧੀ ਖ਼ਾਮੀਆਂ ਦਾ ਪਤਾ ਨਹੀਂ ਚਲ ਸਕਿਆ?  ਵਿਰੋਧੀਆਂ ਵਲੋਂ ਪੰਜਾਬ ਸਰਕਾਰ 'ਤੇ ਇਨ੍ਹਾਂ ਆਰਡੀਨੈਂਸ ਨੂੰ ਬਿਲ ਬਣਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਮੂਕ ਸਹਿਮਤੀ ਦੇਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਵੀ ਰੱਦ ਕਰਦਿਆਂ ਵਿਤ ਮੰਤਰੀ ਨੇ ਅਪਣੀ ਮੌਜੂਦਗੀ ਵਾਲੀ ਹਾਈਪਾਵਰ ਕਮੇਟੀ ਦੀ ਮੀਟਿੰਗ ਦੇ ਰਿਕਾਰਡ ਨੂੰ ਜਾਰੀ ਕਰਦਿਆਂ ਦਸਿਆ ਕਿ ਇਸ ਬਿਲ ਦੇ ਲਾਗੂ ਹੋਣ ਨਾਲ ਪੰਜਾਬ ਤੇ ਹਰਿਆਣਾ ਵਰਗੇ ਖੇਤੀਬਾੜੀ ਰਾਜ ਅਤਿ ਪ੍ਰਭਾਵਿਤ ਹੋਣਗੇ। 
ਵਿਤ ਮੰਤਰੀ ਨੇ ਦਸਿਆ ਕਿ ਹੁਣ ਕਿਸਾਨ ਤੈਅਸ਼ੁਦਾ ਮੰਡੀਆਂ 'ਚ ਅਪਣੀ ਜਿਣਸ ਵੇਚ ਸਕਦੇ ਹਨ ਤੇ ਇਸਦੇ ਲਾਗੂ ਹੋਣ ਤੋਂ ਬਾਅਦ ਜਿਥੇ ਮਰਜ਼ੀ ਇਸਨੂੰ ਲਿਜਾ ਸਕਦਾ ਹੈ, ਜਿਸਨੂੰ ਖ਼ਰੀਦਣ ਦੇ ਲਈ ਲਾਇਸੰਸ ਦੀ ਵੀ ਲੋੜ ਨਹੀਂ ਪਏਗੀ। ਇਸੇ ਤਰ੍ਹਾਂ ਮੰਡੀ ਫ਼ੀਸ ਖ਼ਤਮ ਹੋਣ ਨਾਲ ਪੰਜਾਬ ਨੂੰ ਚਾਰ ਹਜ਼ਾਰ ਕਰੋੜ ਦਾ ਸਲਾਨਾ ਵਿੱਤੀ ਘਾਟਾ ਹੋਵੇਗਾ। ਜਦੋਂਕਿ ਆਉਣ ਵਾਲੇ ਭਵਿੱਖ 'ਚ ਸਰਕਾਰ ਘੱਟੋ-ਘੱਟ ਕੀਮਤ ਵਾਲਾ ਫ਼ਾਰਮੂਲਾ ਜਾਰੀ ਰਹਿਣ 'ਤੇ ਵੀ ਸਵਾਲ ਖੜੇ ਹੋਏ ਹਨ। ਜਿਸਦੇ ਚਲਦੇ ਉਨ੍ਹਾਂ ਵਲੋਂ ਸਪੱਸ਼ਟ ਤੌਰ 'ਤੇ ਸੂਬੇ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਖੇਤੀਬਾੜੀ ਵਿਸ਼ੇ 'ਤੇ ਕੇਂਦਰ ਵਲੋਂ ਦਖ਼ਲਅੰਦਾਜ਼ੀ ਕਰਨ ਦਾ ਸਖ਼ਤ ਇਤਰਾਜ ਜਤਾਇਆ ਸੀ। ਵਿਤ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਖ਼ੜੇ ਕਰਦਿਆਂ ਦਾਅਵਾ ਕੀਤਾ ਕਿ ਇਸਤੋਂ ਪਹਿਲਾਂ ਜੀਐਸਟੀ ਐਕਟ 'ਚ ਸੂਬਿਆਂ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੇਂਦਰ ਵਲੋਂ ਕਰਨ ਦੀਆਂ ਮੱਦਾਂ ਹੋਣ ਦੇ ਬਾਵਜੂਦ ਕੇਂਦਰ ਨੇ ਹੱਥ ਖੜੇ ਕਰ ਦਿਤੇ ਹਨ, ਜਿਸਦੇ ਨਾਲ ਹੁਣ ਕੀ ਗਰੰਟੀ ਹੈ ਕਿ ਇਨ੍ਹਾਂ ਖੇਤੀ ਬਿਲਾਂ ਦੇ ਹੋਂਦ ਵਿਚ ਆਉਣ ਤੋਂ ਬਾਅਦ ਐਮ.ਐਸ.ਪੀ ਲਾਗੂ ਰਹੇਗਾ। 
ਇਸਦੇ ਇਲਾਵਾ ਉਨ੍ਹਾਂ ਬਠਿੰਡਾ 'ਚ ਫ਼ਾਰਮਾਸੂਟੀਕਲ ਪਾਰਕ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਯਤਨਾਂ ਦਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਇਸਤੇ ਸਹਿਮਤੀ ਪਾ ਦਿਤੀ ਤਾਂ ਨਾ ਸਿਰਫ਼ ਬਠਿੰਡਾ, ਬਲਕਿ ਪੂਰੇ ਪੰਜਾਬ ਦੀ ਆਰਥਕਿਤਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਆਗੂ ਪਵਨ ਮਾਨੀ ਤੋਂ ਇਲਾਵਾ ਡੀਸੀ, ਐਸ.ਐਸ.ਪੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

ਬੀਬੀ ਬਾਦਲ ਨੇ ਕੁਰਸੀ ਵੀ ਗਵਾਈ ਤੇ ਵਿਸ਼ਵਾਸ ਵੀ : ਬ੍ਰਹਮਪੁਰਾ 


ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਬੀ ਹਰਿਸਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਇਕ ਸਿਆਸੀ ਢੌਂਗ ਦਸਿਆ ਤੇ ਕਿਹਾ ਕਿ ਜੇ ਵਾਕਿਆ ਹੀ ਬਾਦਲਾਂ ਨੂੰ ਕਿਸਾਨੀ ਪ੍ਰਤੀ ਦੁੱਖ ਹੁੰਦਾ ਤਾਂ ਅਸਤੀਫ਼ਾ ਪਹਿਲਾਂ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਅਪਣੀ ਕੁਰਸੀ ਅਤੇ ਕਿਸਾਨਾਂ ਲਈ ਅਪਣਾ ਵਿਸ਼ਵਾਸ ਦੋਵੇਂ ਗਵਾ ਲਏ ਹਨ। ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਦਸਿਆ ਕਿ ਬਾਦਲਾਂ ਨੇ ਕੁੱਝ ਦਿਨ ਪਹਿਲਾਂ ਇਸ ਖੇਤੀ ਆਰਡੀਨੈਸ ਬਿਲ ਦੇ ਹੱਕ 'ਚ ਰੱਜ ਕੇ ਅਖ਼ਬਾਰਾਂ 'ਚ ਤਾਰੀਫ਼ਾਂ ਕੀਤੀਆਂ ਸਨ ਕਿ ਇਹ ਬਿਲ ਪੰਜਾਬ ਦੀ ਕਿਸਾਨੀ ਲਈ ਠੀਕ ਹੈ। 
  ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ਼ੋਸ਼ਲ ਮੀਡੀਆ ਜ਼ਰੀਏ ਇਸ ਬਿਲ ਦੇ ਹੱਕ ਵਿਚ ਆਏ ਸਨ ਪਰ ਜਦੋਂ ਹੁਣ ਕਿਸਾਨ ਸੜਕਾਂ 'ਤੇ ਨਿਤਰੇ ਤਾਂ ਇਨਾ ਬੇਤੁਕਾ ਡਰਾਮਾ ਕਰ ਕੇ ਬੀਬੀ ਬਾਦਲ ਕੋਲੋ ਅਸਤੀਫ਼ਾ ਦਿਵਾ ਦਿਤਾ, ਇਹ ਸਿਰਫ ਤੇ ਸਿਰਫ ਦੋਗਲੀ ਰਾਜਨੀਤੀ ਹੈ । ਇਹ ਅਸਤੀਫ਼ਾ ਲੋਕਾਂ ਨੂੰ ਗੁਮਰਾਹ ਕਰਨ ਲਈ ਦਿਤਾ ਗਿਆ।  ਬ੍ਰਹਮਪੁਰਾ ਕਿਹਾ ਕਿ ਅਸਲ 'ਚ ਹੁਣ ਕਿਸਾਨਾਂ ਦਾ ਰੋਹ ਭੱਖ ਗਿਆ ।  ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਸਿਰਫ ਇਕ ਦਿਖਾਵਾ ਹੈ। ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ  ਪੰਜਾਬ ਦੇ ਲੋਕ ਹੁਣ ਬਾਦਲਾਂ ਦੇ ਬਹਿਕਾਵੇ 'ਚ ਨਹੀਂ ਆਉਣਗੇ। 


ਹਰਸਿਮਰਤ ਦਾ ਅਸਤੀਫ਼ਾ ਸਿਆਸੀ ਡਰਾਮਾ : ਰੰਧਾਵਾ
ਜਲੰਧਰ : ਕੇਂਦਰ ਸਰਕਾਰ ਵਲੋਂ ਸੰਸਦ 'ਚ ਪੇਸ਼ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਦਿਤੇ ਗਏ ਅਸਤੀਫ਼ੇ ਨੂੰ ਪੰਜਾਬ ਦੇ ਜੇਲ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿਆਸੀ ਡਰਾਮਾ ਕਰਾਰ ਦਿਤਾ ਹੈ। ਮੰਤਰੀ ਰੰਧਾਵਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਵਾਕਿਆ ਹੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੁਧ ਤੇ ਪੰਜਾਬ ਦੀ ਕਿਸਾਨੀ ਦੇ ਹਿੱਤਾਂ ਲਈ ਖੜ੍ਹਾ ਹੋਇਆ ਹੈ ਤਾਂ ਉਸ ਨੂੰ ਫਿਰ ਭਾਜਪਾ ਨਾਲੋਂ ਨਾਤਾ ਤੋੜਨਾ ਚਾਹੀਦਾ ਹੈ ਨਾ ਕਿ ਕੇਂਦਰੀ ਮੰਤਰੀ ਦਾ ਅਹੁਦਾ ਛੱਡਣ ਕੇ ਸਿਆਸੀ ਡਰਾਮਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਾਂ ਇਹ ਹਾਲ ਹੈ ਕਿ ਤਲਾਕ ਵੀ ਦਿਆਂਗੀ ਤੇ ਰਹਾਂਗੀ ਵੀ ਤੁਹਾਡੇ ਘਰ ਵਿਚ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਇਥੇ ਵਰਚੂਅਲ ਕਿਸਾਨ ਮੇਲੇ 'ਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ। ਮੇਲੇ 'ਚ ਵੀਡੀਉ ਕਾਨਫ਼ਰੰਸਿੰਗ ਰਾਹੀਂ ਸ਼ਮੂਲੀਅਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨੇ ਖੇਤੀ ਆਰਡੀਨੈਂਸ ਕਿਸਾਨੀ ਨੂੰ ਤਬਾਹ ਕਰਨ ਵਾਲੇ ਹਨ। 

ਬਾਦਲ ਪਰਵਾਰ ਉਂਗਲੀ 'ਤੇ ਖ਼ੂਨ ਲਾ ਕੇ ਸ਼ਹੀਦ ਅਖਵਾਉਣਾ ਚਾਹੁੰਦੈ : ਸੁਖਦੇਵ ਢੀਂਡਸਾ
ਚੰਡੀਗੜ੍ਹ : ਕਿਸਾਨ ਬਿਲਾਂ ਉਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਉਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਵਿਚਂੋ ਅਸਤੀਫ਼ਾ ਦਿਤਾ ਹੈ ਇਹ ਸਿਰਫ਼ ਇਕ ਡਰਾਮੇ ਤੋਂ ਜ਼ਿਆਦਾ ਹੋਰ ਕੁੱਝ ਨਹੀ ਹੈ। ਢੀਂਡਸਾ ਨੇ ਕਿਹਾ ਪੰਜਾਬ ਦੇ ਲੋਕ ਇਸ ਪਰਵਾਰ ਦੇ ਡਰਾਮਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਢੀਂਡਸਾ ਨੇ ਬਾਦਲ ਪਰਵਾਰ 'ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਉਂਗਲੀ 'ਤੇ ਖ਼ੂਨ ਲਗਾ ਕੇ ਸ਼ਹੀਦ ਅਖਵਾਉਣਾ ਚਾਹੁੰਦਾ ਹੈ। ਸੁਖਦੇਵ ਢੀਡਸਾ ਨੇ ਕਿਹਾ ਹੈ ਕਿ ਪਹਿਲਾਂ ਅਕਾਲੀ ਦਲ ਖੇੜੀਬਾੜੀ ਬਿੱਲ ਦਾ ਸਮਰਥਨ ਕਰ ਰਿਹਾ ਸੀ ਹੁਣ ਇਹ ਪੰਜਾਬ ਦਾ ਮਾਹੌਲ ਦੇਖਦੇ ਹੋਏ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਗ਼ਲਤ ਬਿਆਨ ਦਿਵਾਇਆ ਸੀ ਤੇ ਹੁਣ ਯੂ-ਟਰਨ ਲੈ ਲਿਆ।

ਵੋਟ ਬੈਂਕ ਨੂੰ ਦੇਖਦਿਆਂ ਹਰਸਿਮਰਤ ਦਾ ਅਸਤੀਫ਼ਾ ਦਿਵਾਇਆ : ਜਾਖੜ
ਲੁਧਿਆਣਾ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਤੰਜ ਕਸਿਆ ਹੈ। ਲੁਧਿਆਣਾ ਕਿਸਾਨ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਖੇਤੀ ਆਰਡੀਨੈਂਸ ਦੇ ਵਕੀਲ ਬਣੇ ਹੋਏ ਸਨ ਅਤੇ ਕਹਿ ਰਹੇ ਸਨ ਇਸ ਨਾਲ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਪਰ ਹੁਣ ਵੋਟ ਬੈਂਕ ਨੂੰ ਵੇਖਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਿਵਾਇਆ ਗਿਆ ਹੈ। ਜਾਖੜ ਨੇ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਕਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਕਿਸਾਨ ਵਿਰੋਧੀ ਹੈ।  

 

Have something to say? Post your comment

Subscribe