ਮੈਨਚੇਸਟਰ : ਗਲੇਨ ਮੈਕਸਵੇਲ (108) ਤੇ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ (106) ਦੌੜਾਂ ਦੀ ਧਮਾਕੇਦਾਰ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ 'ਤੇ ਦੋਵਾਂ ਬੱਲੇਬਾਜ਼ਾਂ ਦਰਮਿਆਨ ਛੇਵੀਂ ਵਿਕਟ ਲਈ ਹੋਈ 212 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਦੀ ਬਦੌਲਤ ਅਸਟਰੇਲੀਆ ਨੇ ਇੰਗਲੈਂਡ ਨੂੰ ਬੁੱਧਵਾਰ ਨੂੰ ਤੀਜੇ ਇੱਕ ਰੋਜ਼ਾ ਮੁਕਾਬਲੇ 'ਚ ਤਿੰਨ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਆਪਣੇ ਨਾਂਅ ਕਰ ਲਈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਓਪਨਰ ਬੱਲੇਬਾਜ਼ ਜਾਨੀ ਬੇਅਰਸਟੋ (112) ਦੇ ਸ਼ਾਨਦਾਰ ਸੈਂਕੜੇ ਤੇ ਸੈਮ ਬਿਲਿੰਗਸ (57) ਤੇ ਕ੍ਰਿਸ ਵੋਕਸ (ਨਾਬਾਦ 53) ਦੇ ਸੈਂਕੜਿਆਂ ਨਾਲ ਫੈਸਲਾਕੁਨ ਮੁਕਾਬਲੇ 'ਚ 50 ਓਵਰਾਂ 'ਚ ਸੱਤ ਵਿਕਟਾਂ 'ਤੇ 302 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ। ਤੈਅ ਟੀਚੇ ਦਾ ਪਿੱਛਾ ਕਰਨ ਉਤਰੀ ਅਸਟਰੇਲੀਆ ਨੇ ਮੈਕਸਵੇਲ ਦੀਆਂ 90 ਗੇਂਦਾਂ 'ਚ ਚਾਰ ਚੌਕਿਆਂ ਤੇ ਸੱਤ ਛੱਕਿਆਂ ਦੀ ਮੱਦਦ ਨਾਲ 108 ਦੌੜਾਂ ਤੇ ਕੈਰੀ ਦੇ 114 ਗੇਂਦਾ 'ਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੇ ਸਹਾਰੇ 106 ਦੌੜਾਂ ਦੀ ਵਿਸਫੋਟਕ ਸੈਂਕੜਾ ਵਾਲੀਆਂ ਪਾਰੀਆਂ ਦੇ ਦਮ 'ਤੇ 49.4 ਓਵਰਾਂ 'ਚ ਸੱਤ ਵਿਕਟਾਂ 'ਤੇ 305 ਦੌੜਾਂ ਬਣਾ ਕੇ ਤਿੰਨ ਵਿਕਟਾਂ ਨਾਲ ਮੈਚ ਤੇ ਲੜੀ ਆਪਣੇ ਨਾਂਅ ਕਰ ਲਈ। ਮੈਕਸਵਲ ਨੂੰ ਉਨ੍ਹਾਂ ਦੀ ਧਮਾਕੇਦਾਰ ਪਾਰੀ ਲਈ ਪਲੇਅਰ ਆਫ਼ ਦ ਮੈਚ ਤੇ ਪਲੇਅਰ ਆਫ ਦ ਸੀਰੀਜ਼ ਚੁਣਿਆ ਗਿਆ। ਇਸ ਜਿੱਤ ਨਾਲ ਹੀ ਅਸਟਰੇਲੀਆ ਨੇ ਇੰਗਲੈਂਡ ਦੇ ਹੱਥੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਮਿਲੀ 1-2 ਦੀ ਹਾਰ ਦਾ ਬਦਲਾ ਵੀ ਲੈ ਲਿਆ।