Friday, November 22, 2024
 

ਸਿਆਸੀ

coronavirus : ਬੇਰੁਜ਼ਗਾਰ ਹੋਏ ਲੋਕਾਂ ਨੂੰ 15 ਹਜ਼ਾਰ ਰੁਪਏ ਭੱਤਾ ਦੇਵੇ ਸਰਕਾਰ : ਰਾਮ ਗੋਪਾਲ ਯਾਦਵ

September 16, 2020 08:53 AM

ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ  ਮੰਗਲਵਾਰ ਨੂੰ ਰਾਜ ਸਭਾ 'ਚ ਸਮਾਜਵਾਦੀ ਪਾਰਟੀ ਮੈਂਬਰ ਰਾਮ ਗੋਪਾਲ ਯਾਦਵ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵੱਡੇ ਪੱਧਰ 'ਤੇ ਲੋਕਾਂ ਦੇ ਬੇਰੁਜ਼ਗਾਰ ਹੋਣ ਅਤੇ ਖ਼ੁਦਕੁਸ਼ੀ ਦੇ ਵਧਦੇ ਰੁਝਾਨ ਦਾ ਮੁੱਦਾ ਚੁਕਿਆ। ਯਾਦਵ ਨੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਆਪਣੀ ਰੋਜ਼ੀ-ਰੋਟੀ ਗਵਾਉਣ ਵਾਲੇ ਲੋਕਾਂ ਨੂੰ ਹਰ ਮਹੀਨੇ 15 ਹਜ਼ਾਰ ਰੁਪਏ ਭੱਤਾ ਦੇਣ ਦੀ ਸਰਕਾਰ ਨੂੰ ਬੇਨਤੀ ਕੀਤੀ। ਯਾਦਵ ਨੇ ਸਿਫ਼ਰ ਕਾਲ ਵਿਚ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਤਾਲਾਬੰਦੀ ਕਾਰਨ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋਈ ਅਤੇ ਕਈ ਪਰਵਾਰ ਬਿਖਰ ਗਏ। ਅਜਿਹੇ ਵਿਚ ਬੱਚਿਆਂ ਦੀ ਪੜ੍ਹਾਈ-ਲਿਖਾਈ ਤਾਂ ਦੂਰ ਦੀ ਗੱਲ ਰਹੀ, ਉਹ ਭੁੱਖੇ-ਪਿਆਸੇ ਸੌਣ ਲਈ ਮਜ਼ਬੂਰ ਹੋ ਗਏ।  
     ਉਨ੍ਹਾਂ ਨੇ ਕਿਹਾ ਕਿ ਪੱਛਮ ਤੋਂ ਲੈ ਕੇ ਪੂਰਬ ਤਕ ਹਰ ਸਰਕਾਰ ਅਜਿਹਾ ਕਰ ਰਹੀ ਹੈ ਅਤੇ ਸਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਮਹਾਂਮਾਰੀ ਕਾਰਨ ਲੋਕਾਂ ਵਿਚ ਮਾਨਸਕ ਤਣਾਅ ਵਧਿਆ ਹੈ। ਅਜਿਹੇ ਵਿਚ ਲੋਕ ਖ਼ੁਦਕੁਸ਼ੀ ਵਲ ਵਧ ਰਹੇ ਹਨ। ਉਨ੍ਹਾਂ ਨੇ ਇਸ ਕੜੀ ਵਿਚ ਨੋਇਡਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਥੇ ਇਸ ਮਹਾਂਮਾਰੀ ਕਾਰਨ 44 ਲੋਕਾਂ ਦੀ ਮੌਤ ਹੋਈ, ਜਦਕਿ ਪਿਛਲੇ ਕੁਝ ਮਹੀਨਿਆਂ ਵਿਚ ਉਥੇ 165 ਲੋਕਾਂ ਨੇ ਖ਼ੁਦਕੁਸ਼ੀ ਕੀਤੀ।  ਉਨ੍ਹਾਂ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ ਹਰ ਸਾਲ ਦੁਨੀਆ ਭਰ 'ਚ 8 ਲੱਖ ਲੋਕ ਖ਼ੁਦਕੁਸ਼ੀ ਕਰ ਲੈਂਦੇ ਹਨ ਅਤੇ ਭਾਰਤ ਵਿਚ ਇਹ ਗਿਣਤੀ 1.39 ਲੱਖ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਖ਼ੁਦਕੁਸ਼ੀ ਦੀਆਂ ਕੁੱਲ ਘਟਨਾਵਾਂ ਵਿਚੋਂ 15 ਫ਼ੀ ਸਦੀ ਭਾਰਤ 'ਚ ਹੁੰਦੀਆਂ ਹਨ। ਉਨ੍ਹਾਂ ਆਖਿਆ ਕਿ ਭਾਰਤ ਵਿਚ ਸਾਢੇ ਤਿੰਨ ਮਿੰਟ 'ਚ ਖ਼ੁਦਕੁਸ਼ੀ ਦੀ ਇਕ ਘਟਨਾ ਹੁੰਦੀ ਹੈ, ਜੋ ਕਾਫ਼ੀ ਦੁਖਦ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe