ਚੰਡੀਗੜ੍ਹ : ਅੱਜ ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਣ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਉੱਤੇ ਬਿਨਾਂ ਨਾਮ ਲਏ ਡਰੱਗਸ ਮਾਮਲੇ ਨੂੰ ਲੈ ਕੇ ਸ਼ਬਦੀ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਹੈ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਥਾਲੀ ਵਿਚ ਛੇਦ ਕਰਦੇ ਹਨ, ਜੋ ਕਿ ਬਿਲਕੁਲ ਗ਼ਲਤ ਹੈ।
ਸੰਸਦ ਵਿਚ ਬੋਲਦਿਆਂ ਜਯਾ ਬੱਚਣ ਨੇ ਕਿਹਾ ਹੈ ਕਿ "ਫਿਲਮ ਉਦਯੋਗ ਰੋਜ਼ਾਨਾ ਪੰਜ ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਦਿੰਦਾ ਹੈ। ਮਨੋਰੰਜਨ ਉਦਯੋਗ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਭੜਕਾਇਆ ਜਾ ਰਿਹਾ ਹੈ। ਇੰਡਸਟਰੀ ਵਿਚ ਆਪਣਾ ਨਾਮ ਬਣਾਉਣ ਵਾਲੇ ਲੋਕਾਂ ਨੇ ਇਸ ਨੂੰ ਗਟਰ ਕਿਹਾ ਹੈ। ਮੈ ਇਸ ਨਾਲ ਪੂਰੀ ਤਰ੍ਹਾ ਅਸਹਿਮਤ ਹਾਂ। ਮੈਨੂੰ ਉਮੀਦ ਹੈ ਕਿ ਸਰਕਾਰ ਅਜਿਹੇ ਲੋਕਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਨ ਦੇਵੇਗੀ। ਸਿਰਫ ਇਸ ਲਈ ਕਿ ਕੁੱਝ ਲੋਕ ਖਰਾਬ ਹਨ ਤੁਸੀ ਪੂਰੇ ਉਦਯੋਗ ਦੇ ਅਕਸ ਨੂੰ ਵਿਗਾੜ ਨਹੀਂ ਸਕਦੇ। ਮੈਨੂੰ ਸ਼ਰਮ ਆਉਂਦੀ ਹੈ ਕਿ ਕੱਲ੍ਹ ਲੋਕਸਭਾ ਵਿਚ ਸਾਡੇ ਇਕ ਮੈਂਬਰ ਜੋ ਫਿਲਮ ਉਦਯੋਗ ਤੋਂ ਹਨ, ਉਨ੍ਹਾਂ ਨੇ ਇਸ ਦੇ ਵਿਰੁੱਧ ਬੋਲਿਆ। ਇਹ ਸ਼ਰਮਨਾਕ ਹੈ। ਮੈ ਕਿਸੇ ਦਾ ਨਾਮ ਨਹੀਂ ਲੈ ਰਹੀ ਹਾਂ। ਉਹ ਖੁਦ ਵੀ ਇੰਡਸਟਰੀ ਤੋਂ ਆਉਂਦੇ ਹਨ, ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਵਿਚ ਛੇਦ ਕਰਦੇ ਹਨ। ਗ਼ਲਤ ਗੱਲ ਹੈ। ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇੰਡਸਟਰੀ ਨੂੰ ਸਰਕਾਰ ਦੀ ਸੁਰੱਖਿਆ ਅਤੇ ਸਮੱਰਥਨ ਦੀ ਲੋੜ ਹੈ।
ਦੱਸ ਦਈਏ ਕਿ ਭਾਜਪਾ ਸਾਂਸਦ ਅਤੇ ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਨੇ ਸੋਮਵਾਰ ਨੂੰ ਲੋਕਸਭਾ ਵਿਚ ਕਿਹਾ ਸੀ "ਭਾਰਤੀ ਫਿਲਮ ਇੰਡਸਟਰੀ ਵਿਚ ਡਰੱਗਸ ਦੀ ਲੱਤ ਬਹੁਤ ਜ਼ਿਆਦਾ ਹੈ। ਕਈ ਲੋਕਾਂ ਨੂੰ ਫੜ ਲਿਆ ਗਿਆ ਹੈ। NCB ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ, ਉਹ ਇਸ ਉੱਤੇ ਸਖਤ ਕਾਰਵਾਈ ਕਰੇ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ੍ਹੇ ਅਤੇ ਸਜ਼ਾ ਦੇਵੇ ਜਿਸ ਨਾਲ ਗੁਆਂਢੀ ਦੇਸ਼ ਦੀ ਸਾਜ਼ਿਸ਼ ਦਾ ਅੰਤ ਹੋ ਸਕੇ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ NCB ਨੇ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿਚ ਹਨ। ਉੱਥੇ ਹੀ ਕੰਗਣਾ ਰਣੌਤ ਨੇ ਵੀ ਡਰੱਗਸ ਮਾਮਲੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ ਅਤੇ ਕਿਹਾ ਸੀ ਕਿ ਬਾਲੀਵੁੱਡ ਵਿਚ 99 ਫੀ ਸਦੀ ਲੋਕ ਡਰੱਗਸ ਦੀ ਵਰਤੋਂ ਕਰਦੇ ਹਨ।