ਮੁੰਬਈ : ਅਭਿਨੇਤਰੀ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ 'ਚ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐਮ.ਸੀ. ਦੀ ਕਾਰਵਾਈ ਨੂੰ ਸਹੀ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ BMC ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਬੀ.ਐਮ.ਸੀ. ਨੇ ਅਪਣੇ ਨਿਯਮਾਂ ਅਤੇ ਐਕਟ ਦਾ ਪਾਲਣ ਕੀਤਾ ਹੈ। ਇਸ ਤੋਂ ਪਹਿਲਾਂ ਕੁੱਝ ਖ਼ਬਰਾਂ ਆਈਆਂ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਮੁਖੀ ਸ਼ਰਦ ਪਵਾਰ ਨੇ ਸ਼ਿਕਾਇਤ 'ਤੇ ਨਾਖ਼ੁਸ਼ੀ ਜ਼ਾਹਰ ਕੀਤੀ ਹੈ। ਸ਼ਿਵ ਸੈਨਾ ਦੇ ਕੰਟਰੋਲ ਵਾਲੀ ਬੀ.ਐਮ.ਸੀ. ਨੇ ਬੁਧਵਾਰ ਸਵੇਰੇ ਕੰਗਨਾ ਦੇ ਦਫ਼ਤਰ 'ਤੇ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਹਾਲਾਂਕਿ ਇਸ ਤੋਂ ਕੁੱਝ ਹੀ ਦੇਰ ਬਾਅਦ ਕੋਰਟ ਤੋਂ ਕੰਗਨਾ ਨੂੰ ਰਾਹਤ ਮਿਲ ਗਈ ਸੀ ਅਤੇ ਬੀ.ਐਮ.ਸੀ. ਦੀ ਕਾਰਵਾਈ 'ਤੇ ਰੋਕ ਲਗਾ ਦਿਤੀ ਗਈ। ਕੰਗਨਾ ਦੇ ਵਕੀਲ ਦਾ ਦਾਅਵਾ ਹੈ ਕਿ BMC ਦੀ ਕਾਰਵਾਈ 'ਚ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀ.ਐਮ.ਸੀ. ਦੀ ਕਾਰਵਾਈ ਦਾ ਮਾਮਲਾ ਹਾਈ ਕੋਰਟ 'ਚ ਹੈ।