ਪੋਰਟਲੈਂਡ : ਓਰੇਗਨ ਸੁਬੇ ਦੇ ਪੋਰਟਲੈਂਡ ਸ਼ਹਿਰ ਵਿਚ ਪਿਛਲੇ 100 ਦਿਨਾਂ ਤੋਂ ਚੱਲ ਰਿਹਾ ਨਸਲਭੇਦ ਵਿਰੋਧੀ ਪ੍ਰਦਰਸ਼ਨ ਸ਼ਨਿਚਰਵਾਰ ਰਾਤ ਹੋਰ ਹਿੰਸਕ ਹੋ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਬੰਬਾਂ ਨਾਲ ਹਮਲਾ ਕੀਤਾ ਜਿਸ ਵਿਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਉਧਰ, ਸ਼ਨਿਚਰਵਾਰ ਨੂੰ ਹੀ ਲੁਈਸਵਿਲੇ ਵਿਚ ਹਥਿਆਰਬੰਦ ਪੁਲਿਸ ਦੇ ਸਮਰਥਕ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ ਆਪਸ ਵਿਚ ਭਿੜ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਇਹ ਘਟਨਾ ਕੇਂਟੁਕੀ ਵਿਚ ਕਰਵਾਈ ਸਾਲਾਨਾ ਘੋੜਾ ਦੌੜ ਤੋਂ ਪਹਿਲੇ ਹੋਈ।
ਪੁਲਿਸ ਨੇ ਕਿਹਾ ਕਿ ਪੋਰਟਲੈਂਡ ਵਿਚ ਪ੍ਰਦਰਸ਼ਨਕਾਰੀਆਂ ਨੇ ਜੋ ਕੁਝ ਕੀਤਾ ਉਹ ਬਹੁਤ ਹੀ ਅਪਮਾਨਜਨਕ ਅਤੇ ਹਿੰਸਕ ਸੀ। ਇਸ ਦੌਰਾਨ ਉਨ੍ਹਾਂ ਨੇ ਬੰਬਾਂ ਨਾਲ ਹਮਲਾ ਕੀਤਾ ਜਿਸ ਵਿਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਨਿਊਯਾਰਕ ਟਾਈਮਜ਼ ਦੇ ਇਕ ਪੱਤਰਕਾਰ ਨੇ ਵੀ ਇਸ ਘਟਨਾ ਨਾਲ ਜੁੜਿਆ ਇਕ ਵੀਡੀਉ ਪੋਸਟ ਕੀਤਾ ਹੈ ਜਿਸ ਵਿਚ ਪ੍ਰਦਰਸ਼ਨਕਾਰੀ ਬੰਬ ਸੁੱਟਣ ਪਿੱਛੋਂ ਭਜਦੇ ਦਿਖਾਈ ਦੇ ਰਹੇ ਹਨ। ਪੋਰਟਲੈਂਡ ਵਿਚ ਪਿਛਲੇ ਤਿੰਨ ਮਹੀਨੇ ਤੋਂ ਰਾਤ ਨੂੰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਕਈ ਵਾਰ ਨਾ ਕੇਵਲ ਪ੍ਰਦਰਸ਼ਨਕਾਰੀ ਅਤੇ ਪੁਲਿਸ ਆਹਮੋ-ਸਾਹਮਣੇ ਆਏ ਹਨ ਸਗੋਂ ਦੱਖਣਪੰਥੀ ਅਤੇ ਖੱਬੇ ਪੱਖੀ ਸਮੂਹ ਵੀ ਆਪਸ ਵਿਚ ਟਕਰਾਏ ਹਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ ਪ੍ਰੰਤੂ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ ਹੈ।