Saturday, November 23, 2024
 

ਪੰਜਾਬ

ਗ਼ਾਇਬ ਹੋਏ ਵਪਾਰੀ ਦੀ ਗੱਡੀ ਨਹਿਰ 'ਚੋਂ ਮਿਲੀ

April 20, 2019 04:21 PM

ਜਲਾਲਾਬਾਦ,  (ਸੱਚੀ ਕਲਮ ਬਿਊਰੋ) : ਜਲਾਲਾਬਾਦ ਤੋਂ ਘਰ ਮੰਡੀ ਪੰਜੇਕੇ ਜਾਂਦੇ ਸਮੇਂ ਗ਼ਾਇਬ ਹੋਏ ਵਪਾਰੀ ਸੁਮਨ ਮੁਟਨੇਜਾ ਦੀ ਕਾਰ ਨੂੰ ਪੁਲਿਸ ਨੇ ਪਿੰਡ ਖੁੜੰਜ ਨਜ਼ਦੀਕ ਗੰਗਕੈਨਾਲ 'ਚ ਸਨਿਚਰਵਾਰ ਬਾਅਦ ਦੁਪਿਹਰ ਬਰਾਮਦ ਕਰ ਲਈ ਪਰ ਗ਼ਾਇਬ ਵਪਾਰੀ ਸੁਮਨ ਮੁਟਨੇਜਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਥੇ ਦੱਸਣਯੋਗ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਸ਼ਾਮ ਨੂੰ ਗੰਗਕੈਨਾਲ 'ਚ ਕਾਰ ਦੇ ਹੋਣ ਦੀ ਸੂਚਨਾ ਮਿਲੀ ਸੀ ਅਤੇ ਉਦੋਂ ਤੋਂ ਹੀ ਪੁਲਸ ਪ੍ਰਸ਼ਾਸਨ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਕਾਰ ਦੀ ਤਲਾਸ਼ ਕੀਤੀ ਜਾ ਰਹੀ ਸੀ ਹਾਲਾਂਕਿ ਰਾਤ ਸਮੇਂ ਕਾਰ ਦੇ ਹੋਣ ਦੀ ਪੁਸ਼ਟੀ ਹੋ ਗਈ ਸੀ ਪਰ ਹਨੇਰੇ 'ਚ ਕਾਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਅਤੇ ਸ਼ਨੀਵਾਰ ਤੜਕਸਾਰ ਤੋਂ ਹੀ ਪ੍ਰਸ਼ਾਸਨ ਵਲੋਂ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ਨੀਵਾਰ ਨੂੰ ਜਦ ਆਈ-20 ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਕਾਰ ਦੀਆਂ ਬਾਰੀਆਂ ਦੇ ਸ਼ੀਸ਼ੇ ਅਤੇ ਪਿਛਲੀ ਡਿੱਗੀ ਖੁੱਲੀ ਹੋਈ ਸੀ। ਨਿਸ਼ਾਨਦੇਹੀ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਕਾਰ ਨੂੰ ਰੇੜ ਕੇ ਹੀ ਨਹਿਰ 'ਚ ਸੁੱਟਿਆ ਗਿਆ ਹੈ। ਉਧਰ ਬਜਾਰਾਂ 'ਚ ਚਰਚਾ ਦਾ ਬਾਜ਼ਾਰ ਗਰਮ ਹੋ ਰਿਹਾ ਹੈ ਕਿ ਸੁਮਨ ਮੁਟਨੇਜਾ ਰਾਜਸਥਾਨ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ ਪਰ ਦੂਜੇ ਪਾਸੇ ਪ੍ਰਸ਼ਾਸਨ ਨੇ ਅਜਿਹੀਆਂ ਅਫਵਾਹਾਂ ਤੇ ਅਮਲ ਨਾ ਕਰਨ ਦੀ ਅਪੀਲ ਕੀਤੀ ਹੈ। 

ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਵਿੱਚ ਖਾਦ ਅਤੇ ਕੀਟਨਾਸ਼ਕ ਦਵਾਈਆ ਦਾ ਡੀਲਰ ਸੁਮਨ ਮੁਟਨੇਜਾ ਵੀਰਵਾਰ ਸ਼ਾਮ ਨੂੰ ਆਪਣੀ ਕਾਰ ਨੰਬਰ ਪੀਬੀ 22 ਕੇ 4045 ਤੇ ਸਵਾਰ ਹੋ ਕੇ ਘਰ ਵੱਲ ਗਿਆ ਸੀ ਅਤੇ ਰਸਤੇ ਵਿੱਚ ਗਾਇਬ ਹੋ ਗਿਆ। ਪੁਲਸ ਵਲੋਂ ਕੀਤੀ ਗਈ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਸੁਮਨ ਮੁਟਨੇਜਾ ਦੀ ਕਾਰ ਨੂੰ ਰਸਤੇ ਵਿੱਚ ਰੋਕ ਕੇ ਗਾਇਬ ਕੀਤਾ ਗਿਆ ਹੈ ਅਤੇ ਇੱਕ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਕਾਰ ਸਵਿੱਫਟ ਡਿਜਾਇਰ ਰੋਡ ਤੇ ਰੋਕੀ ਗਈ ਸੀ ਅਤੇ ਖਰਾਬ ਕਾਰ ਦਾ ਬਹਾਨਾ ਬਣਾ ਕੇ ਉਸਦਾ ਬੋਰਨਟ ਚੁੱਕਿਆ ਗਿਆ ਅਤੇ ਜਿਵੇਂ ਹੀ ਸੁਮਨ ਮੁਟਨੇਜਾ ਦੀ ਕਾਰ ਨੂੰ ਹੱਥ ਕਰਕੇ ਰੋਕਿਆ ਤਾਂ ਪਹਿਲਾਂ ਦੋ ਵਿਅਕਤੀ ਸੁਮਨ ਮੁਟਨੇਜਾ ਦੀ ਕਾਰ ਕੋਲ ਗਏ ਅਤੇ ਬਾਅਦ 'ਚ ਉਨ੍ਹਾਂ 'ਚ ਇੱਕ ਵਿਅਕਤੀ ਵਾਪਸ ਆ ਗਿਆ ਅਤੇ ਬਾਅਦ ਵਿੱਚ ਦੋਵੇਂ ਕਾਰਾਂ ਹੋਰ ਰਸਤੇ ਰਾਹੀਂ ਤੋਰ ਦਿੱਤੀਆਂ ਗਈਆਂ। ਇਹ ਹੀ ਨਹੀਂ ਇਸ ਸੀ.ਸੀ.ਟੀ.ਵੀ. ਫੁਟੇਜ 'ਚ ਇਕ ਮੋਟਰਸਾਇਕਲ ਸਵਾਰ ਵਿਅਕਤੀ ਫੋਨ ਉਪਰ ਘਟਨਾ ਦੀ ਜਾਣਕਾਰੀ ਦਿੰਦਾ ਨਜ਼ਰ ਆ ਰਿਹਾ ਹੈ।

 

Have something to say? Post your comment

Subscribe